ਬਲਾਚੌਰ, 6 ਮਾਰਚ (ਨਰੇਸ਼ ਧੌਲ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਸਾਉਣੀ ਦੇ ਕਿਸਾਨ ਮੇਲਿਆਂ ਦੀ ਲੜੀ ਵਿਚੋਂ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਲਗਾਇਆ ਜਾਣ ਵਾਲਾ ਕਿਸਾਨ ਮੇਲਾ 14 ਮਾਰਚ ਦਿਨ ਸਨਿੱਚਰਵਾਰ ਨੂੰ ਲਗਾਇਆ ਜਾ ਰਿਹਾ ਹੈ | ਡਾ. ਮਨਮੋਹਨਜੀਤ ਸਿੰਘ ਨਿਰਦੇਸ਼ਕ ਖੇਤਰੀ ਖੋਜ ਕੇਂਦਰ ਨੇ ਦੱਸਿਆ ਕਿ ਇਸ ਵਾਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ 'ਖੇਤੀ ਵਿਭਿੰਨਤਾ ਅਪਣਾਓ, ਵਡਮੁੱਲਾ ਵਾਤਾਵਰਣ ਬਚਾਓ' ਵਿਸੇ ਨੂੰ ਸਮਰਪਿਤ ਹੋਣਗੇ | ਇਸ ਮੌਕੇ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਤਕਨੀਕੀ ਜਾਣਕਾਰੀ ਸਾਂਝੀ ਕਰਨ ਦੇ ਨਾਲ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਵੀ ਦੇਣਗੇ | ਝੋਨਾ, ਮੂੰਗਫਲੀ, ਮਾਂਹ, ਅਰਹਰ, ਮੱਕੀ, ਬਾਜਰਾ, ਰਵਾਂਹ ਆਦਿ ਦੀਆਂ ਸੁਧਰੀਆਂ ਕਿਸਮਾਂ ਦੇ ਬੀਜ ਤੇ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ ਦੀ ਵਿੱਕਰੀ ਵੀ ਕੀਤੀ ਜਾਵੇਗੀ | ਇਸ ਤੋਂ ਇਲਾਵਾ ਫਲਦਾਰ ਬੂਟੇ ਜਿਵੇਂ ਕਿ ਲੀਚੀ, ਅੰਬ, ਅਮਰੂਦ, ਕਿੰਨੂ, ਆਮਲਾ, ਮੌਸੰਬੀ, ਬੇਰ, ਜਾਮਣ, ਆਲੂਬੁਖ਼ਾਰਾ, ਅਨਾਰ, ਗਲਗਲ, ਬਾਰਾਮਾਸੀ ਨਿੰਬੂ, ਦੀਆਂ ਸੁਧਰੀਆਂ ਕਿਸਮਾਂ ਅਤੇ ਸਬਜ਼ੀਆਂ ਦੀ ਪਨੀਰੀ ਦੀ ਵਿੱਕਰੀ ਵੀ ਕੀਤੀ ਜਾਵੇਗੀ | ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਲੋਂ ਨਵੀਆਂ ਤਕਨੀਕਾਂ ਦੀਆਂ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ | ਇਸ ਮੌਕੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਵੱਲੋਂ ਪਸ਼ੂ ਭਲਾਈ ਕੈਂਪ ਵੀ ਲਾਇਆ ਜਾਵੇਗਾ, ਜਿਸ ਵਿੱਚ ਬਿਮਾਰ ਪਸ਼ੂਆਂ ਦਾ ਮੁਫ਼ਤ ਇਲਾਜ ਕੀਤਾ ਜਾਵੇਗਾ | ਡਾ. ਮਨਮੋਹਨਜੀਤ ਸਿੰਘ ਨੇ ਇਲਾਕਾ ਵਾਸੀਆਂ ਨੂੰ ਮੇਲੇ ਦਾ ਭਰਪੂਰ ਫ਼ਾਇਦਾ ਲੈਣ ਲਈ ਮੇਲੇ 'ਤੇ ਪਹੁੰਚਣ ਦਾ ਹਾਰਦਿਕ ਸੱਦਾ ਦਿੱਤਾ |