ਬੰਗਾ, 6 ਮਾਰਚ (ਸੁਰਿੰਦਰ ਸਿੰਘ ਕਰਮ ਲਧਾਣਾ)-ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਸਹਿਯੋਗ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵਿਖੇ ਯੁੱਧ ਨਸ਼ਿਆਂ ਵਿਰੁੱਧ ਜਾਗਰੂਕਤਾ ਮੁਹਿੰਮ ਤਹਿਤ 'ਜਨੂੰਨ-ਏ-ਪੰਜਾਬ' ਦੋ ਦਿਨਾ ਅੰਤਰ ਕਾਲਜ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿੰਦੀਆਂ ਆਪਣੇ ਸੱਭਿਆਚਾਰ ਤੇ ਵਿਰਾਸਤ ਨਾਲ ਜੁੜਨ ਲਈ ਪ੍ਰੇਰਨਾ ਰਿਹਾ | ਇਹਨਾਂ ਮੁਕਾਬਲਿਆਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵੱਲੋਂ ਯੂਨੀਵਰਸਿਟੀ ਨਾਲ ਸਬੰਧਤ ਸਾਰੇ ਕਾਲਜਾਂ ਨੂੰ ਇਨ੍ਹਾਂ ਮੁਕਾਬਲਿਆਂ ਲਈ ਸੱਦਾ ਦਿੱਤਾ ਗਿਆ | ਇਨ੍ਹਾਂ ਮੁਕਾਬਲਿਆਂ ਵਿੱਚ ਪਿ੍ੰ. ਡਾ. ਤਰਸੇਮ ਸਿੰਘ ਭਿੰਡਰ ਦੀ ਯੋਗ ਅਗਵਾਈ ਹੇਠ ਕਲਾ ਤੇ ਸੱਭਿਆਚਾਰ ਵਿਭਾਗ ਵੱਲੋਂ ਵੱਖ-ਵੱਖ ਆਈਟਮਾਂ ਵਿਚ ਭਾਗ ਲਿਆ ਗਿਆ | ਕਲਾ ਤੇ ਸੱਭਿਆਚਾਰ ਵਿਭਾਗ ਤੋਂ ਡੀਨ ਡਾਕਟਰ ਗੁਰਵਿੰਦਰ ਸਿੰਘ ਤੇ ਡਿਪਟੀ ਡੀਨ ਮਨਮੰਤ ਸਿੰਘ ਲਾਇਬ੍ਰੇਰੀਅਨ ਨੇ ਦੱਸਿਆ ਕਿ ਇਨ੍ਹਾਂ ਅੰਤਰ ਕਾਲਜ ਸੱਭਿਆਚਾਰ ਮੁਕਾਬਲਿਆਂ ਵਿਚ 11 ਈਵੈਂਟ ਰੱਖੇ ਗਏ ਸੀ | ਕਾਲਜ ਵੱਲੋਂ ਸਿਰਫ਼ ਛੇ ਈਵੈਂਟ ਵਿਚ ਹੀ ਭਾਗ ਲਿਆ ਗਿਆ ਸੀ | ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇਸ ਵਾਰ ਨਕਦ ਇਨਾਮ ਰਾਸ਼ੀ ਤੇ ਟਰਾਫ਼ੀ ਵੀ ਰੱਖੀ | ਕਾਲਜ ਦੇ ਵਿਦਿਆਰਥੀਆਂ ਵਿੱਚੋਂ ਹਰਸ਼ਦੀਪ ਸਿੰਘ ਨੇ 31 ਕਾਲਜਾਂ ਨਾਲ ਮੁਕਾਬਲਾ ਕਰਦਿਆਂ ਪੋਸਟਰ ਮੇਕਿੰਗ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਅੱਠ ਹਜ਼ਾਰ ਰੁਪਏ ਦੀ ਨਕਦ ਰਾਸ਼ੀ ਤੇ ਟਰਾਫ਼ੀ ਜਿੱਤੀ | ਸ਼ਾਹਿਦ ਅਲੀ ਵਲੋਂ 23 ਕਾਲਜਾਂ ਨਾਲ ਮੁਕਾਬਲਾ ਕਰਦਿਆਂ ਲੋਕ ਗੀਤ ਮੁਕਾਬਲਿਆਂ ਵਿਚ ਪਹਿਲਾ ਸਥਾਨ ਪ੍ਰਾਪਤ ਕਰਕੇ 11 ਹਜ਼ਾਰ ਦੀ ਨਕਦ ਰਾਸ਼ੀ ਤੇ ਟਰਾਫ਼ੀ ਜਿੱਤੀ | ਸੁਖਮਨਵੀਰ ਵੱਲੋਂ ਕਵਿਤਾ ਮੁਕਾਬਲਿਆਂ ਦੀਆਂ 26 ਟੀਮਾਂ ਵਿੱਚੋਂ ਤੀਜਾ ਸਥਾਨ ਪ੍ਰਾਪਤ ਕਰਕੇ ਨਕਦ ਰਾਸ਼ੀ ਤੇ ਟਰਾਫ਼ੀ ਜਿੱਤੀ | ਇਸੇ ਤਰ੍ਹਾਂ ਕਾਲਜ ਵੱਲੋਂ ਓਵਰਆਲ ਤੀਜਾ ਸਥਾਨ ਪ੍ਰਾਪਤ ਕਰਕੇ ਸਿੱਖ ਨੈਸ਼ਨਲ ਕਾਲਜ ਦਾ ਨਾਂਅ ਰੌਸ਼ਨ ਕੀਤਾ | ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਪੰਜਾਬ ਸਰਕਾਰ ਦੇ ਇਹਨਾਂ ਯਤਨਾਂ ਦੀ ਸ਼ਲਾਘਾ ਕਰਦਿਆਂ ਕਾਲਜ ਪੁੱਜਣ 'ਤੇ ਇਹਨਾਂ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਪਿ੍ੰਸੀਪਲ ਤਰਸੇਮ ਸਿੰਘ, ਕਲਚਰ ਡੀਨ ਗੁਰਵਿੰਦਰ ਸਿੰਘ, ਡਿਪਟੀ ਡੀਨ ਮਨਮੰਤ ਸਿੰਘ ਲਾਇਬ੍ਰੇਰੀਅਨ, ਪ੍ਰੋ. ਤਜਿੰਦਰ ਸਿੰਘ ਤੇ ਸੁਪਿ੍ੰਟੈਂਡੈਂਟ ਸ.ਪਰਮਜੀਤ ਸਿੰਘ ਨਾਲ ਜੇਤੂ ਵਿਦਿਆਰਥੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |