ਨਵਾਂਸ਼ਹਿਰ, 6 ਮਾਰਚ (ਹਰਮਿੰਦਰ ਸਿੰਘ ਪਿੰਟੂ)-ਬਹੁਜਨ ਸਮਾਜ ਪਾਰਟੀ ਵਲੋਂ 15 ਮਾਰਚ ਨੂੰ ਬਹੁਜਨ ਨਾਇਕ ਸਾਹਿਬ ੀ ਕਾਂਸ਼ੀ ਰਾਮ ਦੇ ਜਨਮ ਦਿਨ ਦੇ ਸਬੰਧ ਵਿੱਚ ਕੀਤੀ ਜਾ ਰਹੀ 'ਸਤਾ ਪ੍ਰਾਪਤ ਕਰੋ' ਮਹਾਂ-ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਹਲਕਾ ਨਵਾਂਸ਼ਹਿਰ ਵਿੱਚ ਹਲਕਾ ਵਧਾਇਕ ਡਾ. ਨਛੱਤਰ ਪਾਲ ਕੇਂਦਰੀ ਇੰਚਾਰਜ ਬਸਪਾ ਵਲੋਂ ਹਲਕੇ ਦੀ ਵਿਸ਼ੇਸ ਮੀਟਿੰਗ ਕਰਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ | ਹਲਕੇ ਦੇ ਵਰਕਰਾਂ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਵੱਡੇ ਕਾਫਲੇਆਂ 'ਚ ਪਹੁੰਚ ਕੇ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਰਣਨੀਤੀ ਉਲੀਕੀ ਗਈ | ਇਨ੍ਹਾਂ ਮੀਟਿੰਗਾਂ ਦੌਰਾਨ ਵਰਕਰਾਂ ਦੇ ਭਾਰੀ ਉਤਸ਼ਾਹ ਨੂੰ ਦੇਖਦਿਆਂ ਇਹ ਫੈਸਲਾ ਲਿਆ ਗਿਆ ਕਿ ਹਲਕਾ ਨਵਾਂਸ਼ਹਿਰ ਤੋਂ ਰਿਕਾਰਡ ਤੋੜ ਇਕੱਠ ਰੈਲੀ ਵਿੱਚ ਸ਼ਮੂਲੀਅਤ ਕਰੇਗਾ | ਰੈਲੀ ਵਾਲੇ ਦਿਨ ਹਲਕੇ ਦੇ ਹਰ ਕੋਨੇ ਤੋਂ ਬੱਸਾਂ, ਤੇ ਨਿੱਜੀ ਗੱਡੀਆਂ ਦਾ ਇੱਕ ਵਿਸ਼ਾਲ ਕਾਫ਼ਲਾ ਨੀਲੇ ਝੰਡਿਆਂ ਦੀ ਛਾਂ ਹੇਠ ਰਵਾਨਾ ਹੋਵੇਗਾ | ਘਰ-ਘਰ ਪ੍ਰਚਾਰ ਲਈ ਪਾਰਟੀ ਅਹੁਦੇਦਾਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਕਿ ਉਹ ਪਿੰਡ-ਪਿੰਡ ਜਾ ਕੇ ਬਾਬਾ ਸਾਹਿਬ ਅੰਬੇਡਕਰ ਅਤੇ ਸਾਹਿਬ ਕਾਂਸ਼ੀ ਰਾਮ ਦੀ ਵਿਚਾਰਧਾਰਾ ਨਾਲ ਲੋਕਾਂ ਨੂੰ ਜੋੜਨ ਅਤੇ ਰੈਲੀ ਦਾ ਸੱਦਾ ਦੇਣ | ਡਾ. ਨਛੱਤਰ ਪਾਲ ਨੇ ਦੱਸਿਆ ਕਿ 15 ਮਾਰਚ ਦੀ ਰੈਲੀ ਸਿਰਫ਼ ਇੱਕ ਇਕੱਠ ਨਹੀਂ, ਸਗੋਂ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੇ ਤਖ਼ਤ ਹਿਲਾਉਣ ਦਾ ਕੰਮ ਕਰੇਗੀ | ਅਸੀਂ ਇਹ ਸਪੱਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਜਦੋਂ ਤੱਕ ਬਹੁਜਨ ਸਮਾਜ ਸਤਾ ਦੀ ਦਹਿਲੀਜ਼ ਤੱਕ ਨਹੀਂ ਪਹੁੰਚਦਾ, ਉਦੋਂ ਤੱਕ ਗਰੀਬਾਂ ਅਤੇ ਮਜ਼ਲੂਮਾਂ ਦੇ ਹੱਕ ਮਹਿਫ਼ੂਜ਼ ਨਹੀਂ ਹਨ | ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਸਥਾਨਕ ਆਗੂਆਂ, ਵਰਕਰਾਂ ਅਤੇ ਸਮਰਥਕਾਂ ਨੇ ਸ਼ਮੂਲੀਅਤ ਕੀਤੀ ਅਤੇ ਪ੍ਰਣ ਲਿਆ ਕਿ ਉਹ ਆਪਣੇ ਨਾਇਕ ਕਾਂਸ਼ੀ ਰਾਮ ਦੇ ਜਨਮ ਦਿਨ 'ਤੇ ਦਾਣਾ ਮੰਡੀ ਬਹਿਰਾਮ ਦੀ ਧਰਤੀ ਨੂੰ ਨੀਲੇ ਰੰਗ ਵਿੱਚ ਰੰਗ ਦੇਣਗੇ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫਰਪੁਰ, ਵਿਧਾਨ ਸਭਾ ਦੇ ਪ੍ਰਧਾਨ ਰਸ਼ਪਾਲ ਮਹਾਲੋਂ, ਗਿਆਨ ਚੰਦ ਰਾਹੋਂ, ਬਲਵਿੰਦਰ ਭੰਗਲ, ਸੋਹਣ ਸਿੰਘ ਧਾਂਗੜਪੁਰੀ, ਪ੍ਰੇਮ ਰਤਨ ਨਵਾਂਸ਼ਹਿਰ, ਸ਼ੀਰਾ ਮੀਰਪੁਰ, ਜੈ ਚੰਦ ਜਾਡਲਾ, ਗੁਰਪ੍ਰੀਤ ਪੰਚ ਮਹਾਲੋਂ, ਵਕੀਲ ਰਾਜ ਕੁਮਾਰ, ਵਕੀਲ ਮੁਕੇਸ਼ ਬਾਲੀ, ਹਰਮੇਸ਼ ਨੌਰਥ, ਬਲਜਿੰਦਰ ਮੰਗੂਵਾਲ, ਚੰਦਨ ਮੰਗੂਵਾਲ ਹਰਬੰਸ ਜਾਨੀਆ, ਕਸ਼ਮੀਰ ਲਾਲ, ਗੋਪੀ ਮਹਾਲੋਂ, ਕਸ਼ਮੀਰ ਸਿੰਘ ਤੋਂ ਇਲਾਵਾ ਹੋਰ ਪਾਰਟੀ ਲੀਡਰਸ਼ਿਪ ਹਾਜ਼ਰ ਸੀ |