ਮੁਕੰਦਪੁਰ, 6 ਮਾਰਚ (ਅਮਰੀਕ ਸਿੰਘ ਢੀਂਡਸਾ)-ਬੀਤੇ ਦਿਨ ਬਲਾਕ ਸੰਮਤੀ ਬੰਗਾ ਦੇ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਦੀ ਸਰਬ ਸੰਮਤੀ ਨਾਲ ਹੋਈ ਨਿਯੁਕਤੀ ਇਲਾਕੇ ਦੇ ਲੋਕਾਂ ਦਾ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਮੁੱਖ ਮੰਤਰੀ ਦੀ ਅਗਵਾਈ ਵਿੱਚ ਵਧੀਆ ਕਾਰਗੁਜ਼ਾਰੀ ਨਾਲ ਲੋਕਾਂ ਦੀ ਸੇਵਾ ਕਰ ਰਹੀ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਕਾਰਜ ਕੁਸ਼ਲਤਾ ਵਿੱਚ ਭਰੋਸੇ ਯੋਗਤਾ ਦਾ ਨਤੀਜਾ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਬੰਗਾ ਹਲਕਾ ਇੰਚਾਰਜ ਹਰਮਨ ਪਿਆਰੇ ਆਗੂ ਕੁਲਜੀਤ ਸਿੰਘ ਸਰਹਾਲ ਨੇ ਮੁਕੰਦਪੁਰ ਵਿਖੇ ਅਜੀਤ ਨਾਲ ਗੱਲਬਾਤ ਕਰਦਿਆਂ ਕੀਤਾ | ਕੁਲਜੀਤ ਸਿੰਘ ਸਰਹਾਲ ਨੇ ਚੇਅਰਪਰਸਨ ਸਤਿੰਦਰ ਕੌਰ ਕਲੇਰ ਅਤੇ ਵਾਈਸ ਚੇਅਰਪਰਸਨ ਮੀਨਾ ਕੁਮਾਰੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਸਫਲ ਤੇ ਇਮਾਨਦਾਰੀ ਭਾਵਨਾ ਨਾਲ ਪ੍ਰਸ਼ਾਸਨ 'ਤੇ ਆਪਣੀ ਮਜਬੂਤੀ ਨਾਲ ਪਕੜ ਰੱਖ ਕੇ ਲੋਕਾਂ ਨੂੰ ਬਿਨਾਂ ਦੇਰੀ ਅਤੇ ਬਿਨਾ ਰਿਸ਼ਵਤ ਖੋਰੀ ਤੋਂ ਸੇਵਾਵਾਂ ਪ੍ਰਦਾਨ ਕਰਵਾ ਰਹੀ ਹੈ | ਉਨ੍ਹਾਂ ਕਿਹਾ ਕਿ ਇੱਥੇ ਹੀ ਬਸ ਨਹੀਂ ਦੂਜੀਆਂ ਵਿਰੋਧੀ ਪਾਰਟੀਆਂ ਨਾਲੋਂ ਆਮ ਆਦਮੀ ਪਾਰਟੀ ਔਰਤਾਂ ਦੇ ਮਾਣ ਸਤਿਕਾਰ ਪੱਖੋਂ ਵੀ ਦੂਜੀਆਂ ਪਾਰਟੀਆਂ ਤੋਂ ਬਹੁਤ ਅੱਗੇ ਹੈ ਜਿਸ ਦਾ ਨਤੀਜਾ ਬਲਾਕ ਸੰਮਤੀ ਬੰਗਾ ਦੇ ਚੇਅਰਪਰਸਨ ਮੈਡਮ ਸਤਿੰਦਰ ਕੌਰ ਕਲੇਰ ਅਤੇ ਮੀਨਾ ਕੁਮਾਰੀ ਮੁਕੰਦਪੁਰ ਹਨ ਜੋ ਨਿਰਵਿਰੋਧ ਚੁਣੇ ਗਏ ਹਨ | ਜਦਕਿ ਬਾਕੀ ਮੁੱਖ ਵਿਰੋਧੀ ਪਾਰਟੀ ਕਾਂਗਰਸ ਦੇ ਉਮੀਦਵਾਰ ਚੋਣ ਵਿੱਚ ਹਿੱਸਾ ਲੈਣ ਵੀ ਨਹੀਂ ਆਏ | ਉਹਨਾਂ ਕਿਹਾ ਕਿ ਅੱਜ ਤੋਂ ਸ਼ੁਰੂ ਹੋ ਰਹੇ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਵਿੱਚ ਪਾਰਟੀ ਵੱਲੋਂ ਔਰਤਾਂ ਲਈ ਮਹੀਨਾਵਾਰ ਰੁਪਿਆ ਦੇਣ ਦੀ ਵਿਵਸਥਾ ਵੀ ਕੀਤੀ ਜਾਵੇਗੀ | ਜਿਸ ਨਾਲ ਪੰਜਾਬ ਦੀਆਂ ਸਨਮਾਨਯੋਗ ਔਰਤਾਂ ਇਸ ਸਹੂਲਤ ਦਾ ਲਾਭ ਲੈ ਸਕਣਗੀਆਂ |