ਸੜੋਆ/ਪੋਜੇਵਾਲ, 7 ਮਾਰਚ (ਹਰਮੇਲ ਸਹੂੰਗੜ ਾ, ਨਵਾਂਗਰਾਈ)-ਖੇਤੀਬਾੜੀ ਵਿਭਾਗ ਸੜੋਆ ਵਲੋਂ ਡਾਕਟਰ ਰਾਕੇਸ਼ ਕੁਮਾਰ ਵਰਮਾ ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲਾਕ ਖੇਤੀਬਾੜੀ ਅਫ਼ਸਰ ਡਾਕਟਰ ਨੀਤਨ ਦੀ ਯੋਗ ਅਗਵਾਈ ਹੇਠ ਪਿੰਡ ਚਾਂਦਪੁਰ ਰੁੜਕੀ ਵਿਖੇ ਆਤਮਾ ਸਕੀਮ ਅਧੀਨ ਕਿਸਾਨ ਜਾਗਰੂਕਤਾ ਗੋਸ਼ਟੀ ਲਗਾਈ ਗਈ | ਇਸ ਮੌਕੇ ਪਹੁੰਚੇ ਹੋਏ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸੁਰਿੰਦਰ ਪਾਲ ਖੇਤੀਬਾੜੀ ਵਿਸਥਾਰ ਅਫਸਰ ਨੇ ਦੱਸਿਆ ਕਿ ਕਿਸੇ ਚੀਜ਼ ਤੋਂ ਵੱਧ ਤੋਂ ਵੱਧ ਮੁਨਾਫਾ ਲੈਣ ਲਈ ਰਵਾਇਤੀ ਫਸਲਾਂ ਜਿਵੇਂ ਕਣਕ, ਝੋਨਾ ਛੱਡ ਕੇ ਮੱਕੀ, ਦਾਲਾਂ ਅਤੇ ਤੇਲ ਬੀਜਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ | ਇਸਦੇ ਨਾਲ ਉਹਨਾਂ ਕਿਸਾਨਾਂ ਨੂੰ ਕਿਹਾ ਕਿ ਸਮੇਂ ਸਿਰ ਆਪਣੀ ਖੇਤ ਦੀ ਮਿੱਟੀ ਦੀ ਪਰਖ ਜਰੂਰ ਕਰਵਾਉਣੀ ਚਾਹੀਦੀ ਹੈ ਤਾਂ ਜੋ ਜ਼ਮੀਨ ਵਿਚ ਪਾਏ ਜਾਣ ਵਾਲੇ ਤੱਤਾਂ ਦੀ ਘਾਟ ਬਾਰੇ ਪਤਾ ਲੱਗ ਸਕੇ | ਉਹਨਾਂ ਕਿਸਾਨਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਉਨ੍ਹਾਂ ਦੀਆਂ ਫਾਰਮਰ ਆਈ.ਡੀ ਬਣਾਉਣ ਲਈ ਸੀ.ਐਸ.ਸੀ ਸੈਂਟਰ ਵਿਖੇ ਆਪਣਾ ਆਧਾਰ ਕਾਰਡ, ਫਰਦ ਨਾਲ ਲੈ ਕੇ ਰਜਿਸਟਰ ਕਰਵਾਈ ਜਾਵੇ | ਇਸ ਮੌਕੇ ਕੇ. ਵੀ. ਕੇ ਲੰਗੜੋਆ ਤੋਂ ਪਹੁੰਚੇ ਹੋਏ ਸਾਇੰਸਦਾਨ ਡਾਕਟਰ ਬਲਜੀਤ ਸਿੰਘ ਨੇ ਫਸਲਾਂ ਦੇ ਕੀੜੇ ਮਕੌੜੇ ਤੇ ਵੱਖ-ਵੱਖ ਚੱਲ ਰਹੇ ਟ੍ਰੇਨਿੰਗ ਕੋਰਸਾਂ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ | ਇਸ ਮੌਕੇ ਬਰਿੰਦਰਪਾਲ ਖੇਤੀਬਾੜੀ ਵਿਸਥਰ ਅਫਸਰ ਨੇ ਗਰੀਨ ਟਿ੍ਬਿਊਨਲ ਵਲੋਂ ਖੇਤਾਂ ਵਿੱਚ ਕਣਕ ਦੀ ਫਸਲ ਦੀ ਰਹਿੰਦ ਖੂੰਹਦ ਸਾੜਨ ਨਾਲ ਹੁੰਦੇ ਨੁਕਸਾਨਾਂ 'ਤੇ ਡੂੰਘੀ ਚਿੰਤਾ ਪ੍ਰਗਟਾਈ | ਇਸ ਮੌਕੇ ਸਰਪੰਚ ਜਤਿੰਦਰ ਸਿੰਘ ਨੇ ਆਏ ਹੋਏ ਖੇਤੀਬਾੜੀ ਮਾਹਿਰਾਂ ਅਤੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਕਿਸਾਨਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਉਠਾਉਣਾ ਚਾਹੀਦਾ ਹੈ | ਇਸ ਮੌਕੇ ਅਸ਼ੋਕ ਕੁਮਾਰ ਸਰਪੰਚ ਭੋਲੇਵਾਲ, ਗੁਰਚਰਨ ਸਿੰਘ, ਗੁਰਮੇਲ ਸਿੰਘ, ਨਰਿੰਦਰ ਪਾਲ ਸਿੰਘ, ਸਤਿੰਦਰ ਬਲਦੇਵ, ਮਹਿੰਦਰ ਪਾਲ ਨੰਬਰਦਾਰ, ਰਾਮ ਕਿ੍ਸ਼ਨ ਆਦਿ ਕਿਸਾਨ ਪਹੁੰਚੇ ਹੋਏ ਸਨ |