ਬੰਗਾ, 7 ਮਾਰਚ (ਧਰਮਵੀਰ ਪਾਲ) - ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ 'ਚ ਬੀ.ਡੀ.ਓ ਦਫਤਰ ਬੰਗਾ ਵਿਖੇ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ | ਜਿਸ ਵਿੱਚ ਇਲਾਕੇ ਦੀਆਂ ਵੱਖ-ਵੱਖ ਖੇਤਰਾਂ ਦੀਆਂ 100 ਦੇ ਕਰੀਬ ਮਹਿਲਾਵਾਂ ਦਾ ਸਨਮਾਨ ਕੀਤਾ ਗਿਆ | ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਇਹ 'ਪੰਜਾਬ ਸਰਕਾਰ ਮਹਿਲਾ ਉਦਮੀ ਸਨਮਾਨ' ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਸੁਖਵਿੰਦਰ ਸੁੱਖੀ ਹਲਕਾ ਵਿਧਾਇਕ ਬੰਗਾ ਸਨ | ਜਿਨ੍ਹਾਂ ਨੇ ਸਨਮਾਨ ਦੀ ਰਸਮ ਅਦਾ ਕੀਤੀ | ਇਸ ਮੌਕੇ 'ਤੇ ਮਹਿਲਾਵਾਂ ਦੇ ਹੱਕ ਵਿੱਚ ਬੋਲਦਿਆਂ ਡਾ. ਸੁੱਖੀ ਨੇ ਕਿਹਾ ਕਿ ਮਹਿਲਾਵਾਂ ਦਾ ਸਨਮਾਨ ਰੱਬ ਦੇ ਸਨਮਾਨ ਦੇ ਬਰਾਬਰ ਹੈ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਹਿਲਾਵਾਂ ਦੇ ਸਨਮਾਨ ਵਿੱਚ ਆਪਣੀ ਗੁਰਬਾਣੀ ਵਿੱਚ ਲਿਖਿਆ ਹੈ 'ਸੋ ਕਿਉ ਮੰਦਾ ਆਖੀਏ ਜਿਤ ਜੰਮੈ ਰਾਜਾਨ' ਇਸ ਕਰਕੇ ਸਮਾਜ ਦਾ ਪਹਿਲਾ ਫਰਜ਼ ਬਣਦਾ ਹੈ ਕਿ ਮਹਿਲਾਵਾਂ ਨੂੰ ਉਹਨਾਂ ਦਾ ਬਣਦਾ ਹੱਕੀ ਸਨਮਾਨ ਪਹਿਲ ਦੇ ਅਧਾਰ 'ਤੇ ਦਿੱਤਾ ਜਾਵੇ | ਇਸ ਮੌਕੇ 'ਤੇ ਹਰਜੋਤ ਕੌਰ ਲੋਹਟੀਆ ਵਾਈਸ ਚੇਅਰਮੈਨ ਐਸ.ਸੀ ਕਮਿਸ਼ਨ ਪੰਜਾਬ ਅਤੇ ਮੈਡਮ ਸਤਿੰਦਰ ਕੌਰ ਕਲੇਰ ਚੇਅਰਪਰਸਨ ਬਲਾਕ ਸੰਮਤੀ ਬੰਗਾ ਨੇ ਕਿਹਾ ਕਿ ਮਹਿਲਾਵਾਂ ਦਾ ਵੱਖ-ਵੱਖ ਖੇਤਰਾਂ ਵਡਮੁੱਲਾ ਯੋਗਦਾਨ ਹੈ | ਉਹਨਾਂ ਨੇ ਕਿਹਾ ਕਿ ਮਹਿਲਾਵਾਂ ਨੂੰ ਵੱਧ ਤੋਂ ਵੱਧ ਸਮਾਜ ਦੇ ਕੰਮਾਂ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ | ਇਸ ਮੌਕੇ 'ਤੇ ਸੋਹਣ ਲਾਲ ਢੰਡਾ ਜ਼ਿਲ੍ਹਾ ਪਰਿਸ਼ਦ ਮੈਂਬਰ, ਮੈਡਮ ਕੁਲਵੀਰ ਕੌਰ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ, ਪਵਨਜੀਤ ਸਿੰਘ ਸਿੱਧੂ, ਮੀਨਾ ਕੁਮਾਰੀ ਵਾਈਸ ਚੇਅਰਪਰਸਨ ਬਲਾਕ ਸੰਮਤੀ ਬੰਗਾ, ਅਮਰਜੀਤ ਖਟਕੜ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ |