ਨਵਾਂਸ਼ਹਿਰ, 8 ਮਾਰਚ (ਦੀਦਾਰ ਸਿੰਘ ਸ਼ੇਤਰਾ, ਜਸਬੀਰ ਸਿੰਘ ਨੂਰਪੁਰ)-ਇਸਤਰੀ ਜਾਗਿ੍ਤੀ ਮੰਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਗਿਆ | ਜ਼ਿਲਾ ਪੱਧਰੀ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਦਵਿੰਦਰ ਕੌਰ ਨਵਾਂਸ਼ਹਿਰ, ਗੁਰਦੇਵ ਕੌਰ ਉੜਾਪੜ ਅਤੇ ਰਾਜਵਿੰਦਰ ਕੌਰ ਕੱਟ ਨੇ ਕੀਤੀ | ਇਸ ਮੌਕੇ ਵਿਚਾਰ ਪੇਸ਼ ਕਰਦਿਆਂ ਮੰਚ ਦੇ ਸੂਬਾਈ ਆਗੂ ਹਰਦੀਪ ਕੌਰ ਕੋਟਲਾ, ਜ਼ਿਲ੍ਹਾ ਕਮੇਟੀ ਮੈਂਬਰ ਰਣਜੀਤ ਕੌਰ ਮਹਿਮੂਦਪੁਰ, ਸੰਤੋਸ਼ ਕੁਮਾਰੀ ਕੁਰਲ, ਸੁਰਜੀਤ ਕੌਰ ਓਟਾਲ, ਡਾ. ਸੰਘਾ ਗੁਰਬਖ਼ਸ਼ ਕੌਰ ਤੇ ਕਿਰਨਜੀਤ ਕੌਰ ਨੇ ਕਿਹਾ ਕਿ ਔਰਤਾਂ ਨੂੰ ਆਪਣੀ ਹੋਂਦ ਪਛਾਨਣ, ਨਵੇਂ ਰਾਹਾਂ ਦੇ ਰਾਹੀਂ ਬਣਨ ਲਈ, ਔਰਤਾਂ ਉੱਤੇ ਹੋ ਰਹੇ ਚੁਤਰਫ਼ਾ ਹਮਲਿਆਂ ਦਾ ਟਾਕਰਾ ਕਰਨ ਲਈ ਜਥੇਬੰਦ ਹੋਣਾ ਤੇ ਸੰਘਰਸ਼ ਕਰਨਾ ਜ਼ਰੂਰੀ ਹੈ | ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਔਰਤ ਵਰਗ ਲਈ ਬੜਾ ਗੌਰਵਮਈ ਦਿਹਾੜਾ ਹੈ | ਔਰਤ ਵਰਗ ਨਾਲ ਅੱਜ ਵੀ ਸਮਾਜਿਕ, ਆਰਥਿਕ ਤੌਰ ਉੱਤੇ ਵਿਤਕਰੇ ਜਾਰੀ ਹਨ | ਉਨ੍ਹਾਂ ਮੋਦੀ ਸਰਕਾਰ ਉੱਤੇ ਵਰ੍ਹਦੇ ਹੋਏ ਕਿਹਾ ਕਿ ਇਹ ਸਰਕਾਰ ਔਰਤ ਵਿਰੋਧੀ, ਧਾਰਮਿਕ ਘੱਟ ਗਿਣਤੀਆਂ ਵਿਰੋਧੀ, ਜਮਹੂਰੀ ਹੱਕਾਂ ਵਿਰੋਧੀ ਤੇ ਸੰਵਿਧਾਨ ਵਿਰੋਧੀ ਸਰਕਾਰ ਹੈ | ਸਰਕਾਰ ਦਾ ਆਲੋਚਕ ਹਰ ਵਿਅਕਤੀ ਤੇ ਜਥੇਬੰਦੀ ਇਸ ਸਰਕਾਰ ਲਈ ਦੇਸ਼ ਧ੍ਰੋਹੀ ਹੈ | ਧਰਮ ਦੇ ਨਾਂਅ ਉੱਤੇ ਲੋਕਾਂ ਨੂੰ ਵੰਡਣਾ ਅਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨਾ ਇਸਦਾ ਨਿਤਨੇਮ ਬਣ ਗਿਆ ਹੈ | ਪੰਜਾਬ ਦੀ 'ਆਪ' ਸਰਕਾਰ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਇਹ ਸਰਕਾਰ ਵੀ ਕੇਂਦਰ ਦੀ ਪੈੜ 'ਚ ਪੈਰ ਹੀ ਧਰ ਰਹੀ ਹੈ | ਬਲਵਿੰਦਰ ਕੌਰ ਸਲੋਹ, ਹਰਬੰਸ ਕੌਰ ਨਵਾਂਸ਼ਹਿਰ ਅਤੇ ਪੂਜਾ ਨਵਾਂਸ਼ਹਿਰ ਨੇ ਕਵਿਤਾਵਾਂ ਪੇਸ਼ ਵੀ ਕੀਤੀਆਂ | ਮੰਚ ਸੰਚਾਲਨ ਰੁਪਿੰਦਰ ਕੌਰ ਦੁਰਗਾਪੁਰ ਨੇ ਕੀਤਾ | ਇਸ ਮੌਕੇ ਬਲਬੀਰ ਕੌਰ ਸੰਘਾ, ਸਾਰਾ ਸਿੱਧੂ, ਰੇਣੂ ਬਾਲਾ, ਗੁਰਬਖ਼ਸ਼ ਕੌਰ ਬੈਂਸ ਆਗੂ ਵੀ ਮੌਜੂਦ ਸਨ |