ਨਵਾਂਸ਼ਹਿਰ, 9 ਮਾਰਚ (ਹਰਮਿੰਦਰ ਸਿੰਘ ਪਿੰਟੂ)-ਸਥਾਨਕ ਬੀ. ਡੀ. ਸੀ. ਬਲੱਡ ਸੈਂਟਰ ਵਿਖੇ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ, ਸਰੀਰ ਦਾਨੀ ਸਵ: ਕਾ: ਮੁਕੰਦ ਲਾਲ ਯਾਦਗਾਰੀ ਖ਼ੂਨਦਾਨ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਵਰਗਵਾਸੀ ਦੀ ਪਤਨੀ ਜਸਵੀਰ ਕੌਰ ਮਹਿੰਦੀਪੁਰ ਨੇ ਆਪਣੇ ਕਰ ਕਮਲਾਂ ਨਾਲ ਕੀਤਾ | ਕੈਂਪ ਦੇ ਪ੍ਰੇਰਕ ਸਵਰਗਵਾਸੀ ਦੀ ਧੀ ਮੈਡਮ ਪੰਕਜ ਕੁਮਾਰੀ ਡਿਪਟੀ ਡਾਇਰੈਕਟਰ ਲੈਬੌਰੇਟਰੀਜ਼, ਪੰਜਾਬ ਰਾਜ ਏਡਜ਼ ਕੰਟਰੋਲ ਸੋਸਾਇਟੀ ਚੰਡੀਗੜ੍ਹ ਬਣੇ ਜਿਹਨਾਂ ਦੇ ਨਾਲ ਅੰਮਿ੍ਤ ਰਾਜ, ਗੁਰਪ੍ਰੀਤ ਸਿੰਘ ਤੇ ਰਾਜਨ ਕੁਮਾਰ ਨੇ ਤੇ ਜਵਾਈ ਪੁੱਤਰ ਬਲਜੀਤ ਸਿੰਘ ਨੇ ਖੁਦ ਆਰੰਭ ਵਿਚ ਖੂਨਦਾਨ ਕੀਤਾ | ਬਲੱਡ ਸੈਂਟਰ ਦੀ ਤਕਨੀਕੀ ਟੀਮ ਦੀ ਅਗਵਾਈ ਡਾ. ਅਜੇ ਬੱਗਾ ਨੇ ਕੀਤੀ ਜਦਕਿ ਰਾਜਿੰਦਰ ਠਾਕੁਰ, ਕਪਿੱਲ ਸ਼ਰਮਾ, ਕੁਲਵਿੰਦਰ ਸਿੰਘ, ਵਿਸ਼ਾਲ ਸ਼ਰਮਾ, ਜਸਕਰਨ ਸਿੰਘ ਨੇ ਤਕਨੀਕੀ ਸੇਵਾ ਸੰਭਾਲੀ | ਮੈਨੇਜਰ ਮਨਮੀਤ ਸਿੰਘ ਨੇ ਕੈਂਪ ਦੀ ਪ੍ਰਸਾਸ਼ਨਿਕ ਡਿਊਟੀ ਦੀ ਅਗਵਾਈ ਕੀਤੀ | ਬੀ.ਡੀ.ਸੀ. ਦੇ ਸਕੱਤਰ ਜੇ. ਐੱਸ. ਗਿੱਦਾ ਨੇ ਵਿਸ਼ਵ ਮਹਿਲਾ ਦਿਵਸ ਦੀ ਮਹੱਤਤਾ ਦਾ ਵਰਨਣ ਕੀਤਾ ਤੇ ਉਨ੍ਹਾਂ ਦੱਸਿਆ ਕਿ ਇਸ ਸਾਲ ਦਾ ਥੀਮ 'ਅਧਿਕਾਰ, ਇਨਸਾਫ਼ 'ਤੇ ਕਾਰਵਾਈ' ਰੱਖਿਆ ਗਿਆ ਹੈ, ਜਿਸ ਦਾ ਮੰਤਵ ਮਹਿਲਾਵਾਂ ਤੇ ਲੜਕੀਆਂ ਲਈ ਕਾਨੂੰਨੀ ਸੁਰੱਖਿਆ ਤੇ ਲਿੰਗ-ਭੇਦ ਸਮਾਨਤਾ ਨੂੰ ਉਤਸ਼ਾਹਿਤ ਕਰਨਾ ਹੈ | ਇਸ ਮੌਕੇ ਜਸਵੀਰ ਕੌਰ, ਪੰਕਜ ਕੁਮਾਰੀ, ਪਿ੍ੰਸੀਪਲ ਬਿਕਰਮਜੀਤ ਸਿੰਘ, ਡਾ. ਰਾਹੁਲ ਦੇਵ, ਸੰਦੀਪ ਕੁਮਾਰ, ਬਲਜੀਤ ਸਿੰਘ, ਸਰਪੰਚ ਨਿੰਦਰ ਮਾਈਦਿੱਤਾ, ਚੰਡੀਗੜ੍ਹ ਤੋਂ ਅੰਮਿ੍ਤ ਰਾਜ, ਗੁਰਪ੍ਰੀਤ ਸਿੰਘ, ਰਾਜਨ ਕੁਮਾਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਬੀ.ਡੀ.ਸੀ. ਵਲੋਂ ਸਵ: ਮੁਕੰਦ ਲਾਲ ਦੇ ਧਰਮਪਤਨੀ ਮਾਤਾ ਜਸਵੀਰ ਕੌਰ ਤੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ |