ਨਵਾਂਸ਼ਹਿਰ, 9 ਮਾਰਚ (ਦੀਦਾਰ ਸਿੰਘ ਸ਼ੇਤਰਾ)- ਗੁਰੂ ਰਵਿਦਾਸ ਵੈੱਲਫੇਅਰ ਟਰੱਸਟ ਰਜਿ: ਨਵਾਂਸ਼ਹਿਰ ਵਲੋਂ ਵਿਦੇਸ਼ ਤੋਂ ਪਰਤੇ ਕਥਾਵਾਚਕ ਗਿਆਨੀ ਉਂਕਾਰ ਸਿੰਘ ਗੜ੍ਹਪਧਾਣਾ ਨੂੰ ਅੰਮਿ੍ਤਬਾਣੀ ਭਵਨ ਨਵਾਂਸ਼ਹਿਰ ਵਿਖੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਆਪਣੇ ਸੰਬੋਧਨ ਵਿੱਚ ਟਰੱਸਟ ਦੇ ਪ੍ਰਧਾਨ ਸੱਤਪਾਲ ਸਾਹਲੋਂ ਨੇ ਗਿਆਨੀ ਉਂਕਾਰ ਸਿੰਘ ਦੇ ਅੰਮਿ੍ਤਬਾਣੀ ਭਵਨ ਵਿਖੇ ਪਹੁੰਚਣ 'ਤੇ ਜੀ ਆਇਆਂ ਆਖਦਿਆਂ ਤੇ ਉਨ੍ਹਾਂ ਵਲੋਂ ਕੀਤੇ ਸਮਾਜਿਕ ਕਾਰਜਾਂ ਅਤੇ ਗੁਰੂ ਰਵਿਦਾਸ ਜੀ ਦੇ ਮਿਸ਼ਨ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਤੇ ਗਿਆਨੀ ਉਂਕਾਰ ਸਿੰਘ ਨੇ ਅਮਰੀਕਾ ਦੀ ਧਰਤੀ 'ਤੇ ਰਹਿੰਦੇ ਹੋਏ ਆਪਣੇ ਅਨੁਭਵ ਨੂੰ ਸਾਂਝਾ ਕੀਤਾ | ਉਨ੍ਹਾਂ ਉਥੇ ਰਹਿੰਦਿਆਂ ਹੋਇਆਂ ਆਪਣੇ ਕੌੜੇ ਮਿੱਠੇ ਤਜ਼ਰਬੇ ਦੀ ਸਾਂਝ ਪਵਾਉਂਦੇ ਹੋਏ ਉਥੋਂ ਦੇ ਰਵਿਦਾਸੀਆ ਸਮਾਜ ਦੀਆਂ ਮਿਸ਼ਨ ਪ੍ਰਤੀ ਰੁਚੀਆਂ ਤੇ ਵਰਤਾਰਿਆਂ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਉਹ ਹੁਣ ਇਥੇ ਰਹਿ ਕੇ ਹੀ ਮਿਸ਼ਨ ਦਾ ਪ੍ਰਚਾਰ ਕਰਨਗੇ | ਇਸ ਮੌਕੇ ਪਰਮਜੀਤ ਮਹਾਲੋਂ, ਮਾ. ਹਰਬਲਾਸ ਨਵਾਂਸ਼ਹਿਰ, ਰੇਸ਼ਮ ਸਿੰਘ ਐਡਵੋਕੇਟ, ਹਰਮੇਸ਼ ਥਾਦੀਆਂ, ਅਵਤਾਰ ਮਹਿੰਦੀਪੁਰ, ਪ੍ਰਸ਼ੋਤਮ ਲਾਲ ਨਵਾਂਸ਼ਹਿਰ, ਗਿਆਨ ਚੰਦ, ਹਰਮੇਸ਼ ਮੇਸ਼ੀ, ਸੱਤ ਪਾਲ ਬੇਲੀ, ਗੋਬਿੰਦ ਗੜ੍ਹਪਧਾਣਾ, ਦਰਸ਼ਨ ਰਾਮ ਪੱਲੀ ਉੱਚੀ, ਭੀਰਾ ਮੰਢਾਲੀ, ਰਛਪਾਲ ਬਿੱਟੂ, ਨੀਲਮ ਰਾਣੀ ਤੇ ਗੁਰਪ੍ਰੀਤ ਕੌਰ ਆਦਿ ਵੀ ਹਾਜ਼ਰ ਸਨ |