ਸਮੁੰਦੜਾ, 11 ਮਾਰਚ (ਤੀਰਥ ਸਿੰਘ ਰੱਕੜ)-ਪਿੰਡ ਚੱਕ ਫੁੱਲੂ ਅੱਡੇ 'ਚ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ 'ਤੇ ਇਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਫਰਨੀਚਰ ਦੀ ਦੁਕਾਨ 'ਤੇ ਪਏ ਸਮਾਨ 'ਚ ਵੱਜ ਗਈ, ਜਿਸ ਨਾਲ ਫਰਨੀਚਰ ਦਾ ਕੰਮ ਕਰਦਾ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਕਾਰ ਨੰਬਰ ਪੀ.ਬੀ. 27 ਸੀ 1313 ਬਲਾਚੌਰ ਵੱਲੋਂ ਆ ਰਹੀ ਸੀ ਅਤੇ ਕਿਸੇ ਵਾਹਨ ਨੂੰ ਓਵਰਟੇਕ ਕਰਦਿਆਂ ਸੜਕ ਦੇ ਦੂਜੇ ਪਾਸੇ ਜਾ ਡੱਬ ਫਰਨੀਚਰ ਹਾਊਸ 'ਤੇ ਬਾਹਰ ਪਏ ਸਮਾਨ ਵਿੱਚ ਬੁਰੀ ਤਰ੍ਹਾਂ ਨਾਲ ਜਾ ਵੱਜੀ, ਜਿਸ ਵਿੱਚ ਬੈੱਡ ਬਣਾ ਰਿਹਾ ਕੁਲਵਿੰਦਰ ਸਿੰਘ ਕਿੰਦੀ ਪਿੰਡ ਘਾਗੋ ਗੁਰੂ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ ਤੇ ਉਸ ਦੇ ਕੋਲ ਖੜ੍ਹੇ ਇੱਕ ਪਿੰਡ ਚੱਕ ਹਾਜੀਪੁਰ ਤੋਂ ਤੋਤੀ ਨਾਂ ਦੇ ਵਿਅਕਤੀ ਦੇ ਵੀ ਸੱਟਾਂ ਲੱਗੀਆਂ ਅਤੇ ਦੁਕਾਨਦਾਰ ਦਾ ਕੋਲ ਖੜ੍ਹਾ ਬੁਲਟ ਮੋਟਰਸਾਈਕਲ ਵੀ ਨੁਕਸਾਨਿਆ ਗਿਆ | ਇਸ ਮੌਕੇ ਭੀੜ ਇਕੱਠੀ ਹੋਣ 'ਤੇ ਕਾਰ ਚਾਲਕ ਮੌਕਾ ਦੇਖ ਕੇ ਫਰਾਰ ਹੋ ਗਿਆ | ਇਸ ਮੌਕੇ ਮੌਕੇ 'ਤੇ ਪਹੁੰਚੇ ਏ.ਐਸ.ਆਈ ਸੁਖਵਿੰਦਰ ਸਿੰਘ ਚੌਂਕੀ ਇੰਚਾਰਜ ਸਮੁੰਦੜਾ ਨੇ ਗੱਡੀ ਨੂੰ ਕਬਜ਼ੇ 'ਚ ਲੈ ਲਿਆ ਅਤੇ ਜਖਮੀਆਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਭਰਤੀ ਕਰਵਾਇਆ ਗਿਆ | ਪੁਲਿਸ ਵੱਲੋਂ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |