ਨਵਾਂਸ਼ਹਿਰ, 28 ਮਾਰਚ (ਦੀਦਾਰ ਸਿੰਘ ਸ਼ੇਤਰਾ)-ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬਣਾਏ ਗਏ ਪੀ.ਐੱਮ. ਸ੍ਰੀ ਸਕੂਲਾਂ ਨੂੰ ਵੱਖਰੀਆਂ ਸੁਵਿਧਾਵਾਂ ਦੇਣ ਤਹਿਤ ਜ਼ਿਲ੍ਹੇ ਦੇ ਪੰਜ ਵੱਖ-ਵੱਖ ਪੀ.ਐੱਮ. ਸ੍ਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਖ-ਵੱਖ ਸ਼ਹਿਰਾਂ ਦਾ ਅੰਤਰਰਾਜੀ ਵਿੱਦਿਅਕ ਟੂਰ ਲਗਵਾਇਆ | ਇਸ ਮੁਹਿੰਮ ਵਿਚ ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਵੀ 50 ਬੱਚਿਆਂ ਨੂੰ ਹਿੱਸਾ ਲੈਣ ਦਾ ਮੌਕਾ ਮਿਲਿਆ ਹੈ | ਪਿ੍ੰਸੀਪਲ ਡਾ. ਸੁਰਿੰਦਰ ਪਾਲ ਅਗਨੀਹੋਤਰੀ ਨੇ ਦੱਸਿਆ ਕਿ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਆਪਸੀ ਤਾਲਮੇਲ ਕਰਕੇ ਸਾਡੀ ਸੰਸਥਾ ਦੇ 50 ਬੱਚਿਆਂ ਨੂੰ ਜੈਪੁਰ, ਰਾਜਸਥਾਨ ਦੇ ਜੈੱਮ ਐਂਡ ਜਿਉਲਰੀ ਮਿਊਜ਼ੀਅਮ, ਕੈਮਲ ਐਲੀਫੈਂਟ ਰਾਉਂਡ, ਜੰਤਰ-ਮੰਤਰ, ਹਵਾ ਮਹਿਲ, ਬਿਰਲਾ ਮੰਦਰ ਅਤੇ ਅਲਬਰਟ ਮਿਊਜ਼ੀਅਮ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਆਗਰਾ ਵਿਖੇ ਤਾਜ ਮਹਿਲ, ਕਿਲ੍ਹਾ ਅਤੇ ਗੁਰਦੁਆਰਾ ਸਾਹਿਬ ਗੁਰੂ ਕਾ ਤਾਲ ਆਗਰਾ ਦਿਖਾਏ ਗਏ | ਇਸ ਟੂਰ ਦੌਰਾਨ ਗਾਈਡ ਵਲੋਂ ਸ਼ਡਿਊਲਡ ਵਿਚ ਸ਼ਾਮਿਲ ਵੱਖ-ਵੱਖ ਰਾਜਸੀ, ਧਾਰਮਿਕ, ਸਭਿਆਚਾਰ ਅਤੇ ਓਥੋਂ ਦੇ ਵਿਰਸੇ ਨਾਲ ਸੰਬੰਧਤ ਥਾਵਾਂ ਬਾਰੇ ਬੱਚਿਆਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ | ਟੂਰ ਦੇ ਟੀਮ ਇੰਚਾਰਜ ਸੁਖਵਿੰਦਰ ਲਾਲ ਸਾਇੰਸ ਮਾਸਟਰ ਨੇ ਦੱਸਿਆ ਕਿ ਬੱਚਿਆਂ ਨੂੰ ਡੀਲੈਕਸ ਬੱਸ ਦਾ ਸਫ਼ਰ, ਆਧੁਨਿਕ ਸਹੂਲਤਾਂ ਵਾਲੇ ਪੰਜ ਤਾਰਾ ਹੋਟਲਾਂ 'ਚ ਤਿੰਨ ਵਕਤ ਦਾ ਪੌਸ਼ਟਿਕ ਭੋਜਨ ਅਤੇ ਸਿਹਤ ਸਹੂਲਤਾਂ ਦਾ ਖਾਸ ਧਿਆਨ ਰੱਖਿਆ ਗਿਆ | ਆਪਣੇ ਪੰਜ ਦਿਨਾਂ ਟੂਰ ਤੋਂ ਵਾਪਸ ਪਰਤੇ ਬੱਚਿਆਂ ਅਤੇ ਨਾਲ ਗਏ ਅਧਿਆਪਕਾਂ ਵਿਚ ਇੰਦਰਜੀਤ ਸਿੰਘ, ਹਰਿੰਦਰ ਸਿੰਘ, ਨੀਰਜ ਬਾਲੀ ਤੇ ਜਸਵਿੰਦਰ ਕੌਰ ਆਦਿ ਸ਼ਾਮਲ ਸਨ |