ਰੱਤੇਵਾਲ, 5 ਅਪ੍ਰੈਲ (ਅਸ਼ੋਕ ਕੁਮਾਰ ਲੀਲ)-ਪਿੰਡ ਪਰਾਗਪੁਰ ਮੰਡ ਦੇ ਨਜ਼ਦੀਕ ਪਿੰਡ ਸਾਰੰਗਪੁਰ ਪੰਜ ਪੈਂਡਾ 'ਚ ਇਕ ਕਿਸਾਨ ਡਾ. ਭਲਜੀਤ ਸਿੰਘ ਦੀ ਲਗਪਗ 9 ਕਿੱਲੇ ਜ਼ਮੀਨ 'ਚ ਪਿਛਲੇ ਚਾਰ ਦਿਨ ਪਹਿਲਾਂ ਰਾਤ ਦੇ ਸਮੇਂ ਗੁਰਮੁਖ ਸਿੰਘ ਨਾਂ ਦੇ ਵਿਅਕਤੀ ਨੇ ਆਪਣੇ ਟਰੈਕਟਰਾਂ ਨਾਲ ਸਰੋਂ੍ਹ ਦੀ ਖੜ੍ਹੀ ਪੱਕੀ ਫ਼ਸਲ ਵਾਹ ਕੇ ਬਰਬਾਦ ਕਰ ਦਿੱਤੀ | ਡਾ. ਭਲਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੀ ਰਿਹਾਇਸ਼ ਬਲਾਚੌਰ ਵਿਖੇ ਹੈ | ਜਦੋਂ ਉਸ ਨੂੰ ਉਸ ਦੀ ਫ਼ਸਲ ਨੂੰ ਬਰਬਾਦ ਕਰਨ ਬਾਰੇ ਕਿਸੇ ਵਿਅਕਤੀ ਵੱਲੋਂ ਫ਼ੋਨ ਰਾਹੀਂ ਦੱਸਿਆ ਤਾਂ ਉਸ ਦੇ ਘਰ ਵਾਲੀ ਆਪਣੇ ਪੋਤਰੇ ਨੂੰ ਨਾਲ ਲੈ ਕੇ ਮੌਕਾ ਦੇਖਣ ਗਈ ਤਾਂ ਗੁਰਮੁਖ ਸਿੰਘ ਨੇ ਆਪਣੇ ਸਾਥੀਆਂ ਸਮੇਤ ਇਹਨਾਂ 'ਤੇ ਜਾਨਲੇਵਾ ਹਮਲਾ ਕਰ ਦਿੱਤਾ | ਉਨ੍ਹਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਅਤੇ ਇਹਨਾਂ ਵਿਅਕਤੀਆਂ ਦੇ ਖ਼ਿਲਾਫ਼ ਦਫ਼ਤਰ ਡੀ.ਐੱਸ.ਪੀ. ਬਲਾਚੌਰ ਵਿਚ ਸ਼ਿਕਾਇਤ ਦਰਜ਼ ਕਰਵਾਈ | ਬੀਤੇ ਦਿਨ ਡੀ.ਐੱਸ.ਪੀ. ਬਲਾਚੌਰ ਹੇਮੰਤ ਮਲਹੋਤਰਾ ਨੇ ਮਾਲ ਮਹਿਕਮੇ ਦੇ ਪਟਵਾਰੀ ਨੂੰ ਨਾਲ ਲੈ ਕੇ ਮੌਕਾ ਦੇਖਿਆ ਅਤੇ ਡਾ. ਭਲਜੀਤ ਸਿੰਘ ਦੇ ਪਰਿਵਾਰ ਨੂੰ ਵਿਸ਼ਵਾਸ ਦਿਵਾਇਆ ਕਿ ਫ਼ਸਲ ਵਾਹੁਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਕੁਲਵਿੰਦਰ ਸਿੰਘ ਸਰਪੰਚ ਪਰਾਗਪੁਰ, ਕਿਸ਼ਨ ਚੰਦ ਸਾਬਕਾ ਸਰਪੰਚ ਭੇਡੀਆਂ ਮੰਡ, ਪ੍ਰੇਮ ਸਿੰਘ ਸਾਬਕਾ ਸਰਪੰਚ ਮੁੰਤੋਂ ਮੰਡ, ਪੰਮਾ ਕਿਸਾਨ, ਰਾਣਾ, ਕਮਲਜੀਤ ਜੀਤਾ, ਸਤਨਾਮ ਸੱਤੀ, ਡਾ. ਭਲਜੀਤ ਸਿੰਘ, ਅਮਰਜੀਤ ਕੌਰ ਅਤੇ ਹੋਰ ਜ਼ਿਮੀਂਦਾਰਾਂ ਨੇ ਡੀ.ਐੱਸ.ਪੀ. ਸਾਹਿਬ ਨੂੰ ਜਾਣ ਬੁੱਝ ਕੇ ਫ਼ਸਲ ਵਾਹੁਣ ਵਾਲੇ ਦੇ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਅਤੇ ਉਹਨਾਂ ਇਹ ਵੀ ਦੱਸਿਆ ਕਿ ਇਸ ਘਿਨੌਣੀ ਵਾਰਦਾਤ ਨਾਲ ਬੇਟ ਏਰੀਏ ਦੇ ਕਿਸਾਨਾਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ | ਕਿਉਂਕਿ ਜੇਕਰ ਇਸ ਵਿਅਕਤੀ ਨੂੰ ਨੱਥ ਨਾ ਪਾਈ ਤਾਂ ਹੋਰ ਇਹੋ ਜਿਹੇ ਵਿਅਕਤੀਆਂ ਦਾ ਹੋਰ ਹੌਸਲਾ ਵਧ ਜਾਵੇਗਾ |