ਸੜੋਆ, 7 ਅਪ੍ਰੈਲ (ਹਰਮੇਲ ਸਹੂੰਗੜਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਪੂਨਮ ਰਾਣੀ ਦੀ ਅਗਵਾਈ ਹੇਠ ਬਲਾਕ ਸੜੋਆ ਵੱਲੋਂ ਡਾਇਰੈਕਟਰ ਦੇ ਨਾਮ 'ਤੇ ਸੀ. ਡੀ. ਪੀ. ਓ. ਦੇ ਬਲਾਕ ਕਲਰਕ ਕਿਰਨਦੀਪ ਸਿੰਘ ਨੂੰ ਮੰਗ ਪੱਤਰ ਦਿੱਤਾ ਗਿਆ | ਜਥੇਬੰਦੀ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਨੇ ਜੋ ਮੋਬਾਇਲ ਫੋਨ ਪੋਸ਼ਨ ਅਭਿਆਨ ਫੰਡਾ ਵਿਚੋਂ ਆਂਗਣਵਾੜੀ ਵਰਕਰਾਂ ਲਈ ਖਰੀਦੇ ਹਨ ਉਹ ਫ਼ੋਨ ਆਂਗਣਵਾੜੀ ਵਰਕਰਾਂ ਨੂੰ ਹੀ ਦਿੱਤੇ ਜਾਣ, ਜੇਕਰ ਇਹ ਫੋਨ ਆਂਗਣਵਾੜੀ ਵਰਕਰ ਨੂੰ ਨਹੀਂ ਦਿੱਤੇ ਜਾਂਦੇ ਤਾਂ ਆਂਗਣਵਾੜੀ ਵਰਕਰ ਆਪਣੇ ਪਰਸਨਲ ਫੋਨ ਤੋਂ ਸਰਕਾਰ ਦੀ ਮਾਵਾਂ ਧੀਆਂ ਸਤਿਕਾਰ ਯੋਜਨਾ ਵਿੱਚ ਲਾਭਪਾਤਰੀ ਰਜਿਸਟਰ ਨਹੀਂ ਕਰਨਗੀਆਂ, ਕਿਉਂਕਿ ਉਹ ਪਹਿਲਾਂ ਹੀ ਆਪਣੇ ਫੋਨਾਂ ਤੋਂ ਪੋਸ਼ਨ ਅਭਿਆਨ ਦਾ ਕੰਮ ਕਰ ਰਹੀਆਂ ਹਨ | ਪਿਛਲੇ ਅੱਠ ਸਾਲ ਤੋਂ ਵਰਕਰਾਂ ਹੈਲਪਰਾਂ ਫੋਨਾਂ ਨੂੰ ਉਡੀਕ ਰਹੀਆਂ ਹਨ ਜਦ ਕਿ ਦੂਜੀਆਂ ਸਟੇਟਾਂ ਨੇ ਦੋ-ਦੋ ਵਾਰ ਆਂਗਣਵਾੜੀ ਵਰਕਰਾਂ ਨੂੰ ਮੋਬਾਈਲ ਫੋਨ ਦੇ ਦਿੱਤੇ ਹਨ, ਪ੍ਰੰਤੂ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨੂੰ ਆਪਣੇ ਪਰਸਨਲ ਫੋਨਾਂ ਤੋਂ ਕੰਮ ਕਰਨ ਲਈ ਮਜਬੂਰ ਕਰਦੀ ਹੈ, ਜਿਸ ਦਾ ਜਥੇਬੰਦੀ ਵਿਰੋਧ ਕਰਦੀ ਹੈ | ਜਥੇਬੰਦੀ ਨੇ ਇਹ ਵੀ ਮੰਗ ਕੀਤੀ ਹੈ ਕਿ ਇੱਕ ਲਾਭਪਾਤਰੀ ਨੂੰ ਰਜਿਸਟਰ ਕਰਨ ਲਈ ਘੱਟ ਤੋਂ ਘੱਟ ਇਕ ਆਂਗਣਵਾੜੀ ਵਰਕਰ ਨੂੰ 100 ਅਤੇ ਹੈਲਪਰ ਨੂੰ 50 ਰੁਪਏ ਦਿੱਤੇ ਜਾਣ | ਪ੍ਰਧਾਨ ਮੰਤਰੀ ਮਾਤਰਤਵੰਦਨਾ ਯੋਜਨਾ ਵਿੱਚ ਇੱਕ ਲਾਭ ਪਾਤਰੀ ਦੇ ਆਂਗਣਵਾੜੀ ਵਰਕਰ ਨੂੰ 200 ਅਤੇ ਹੈਲਪਰ ਨੂੰ 100 ਰੁਪਏ ਦਿੱਤੇ ਜਾਂਦੇ ਹਨ, ਫਿਰ ਪੰਜਾਬ ਸਰਕਾਰ ਸਿਰਫ 25 ਰੁਪਏ ਦੇ ਕੇ ਕੰਮ ਲੈਣ ਦੀ ਕੋਸ਼ਿਸ਼ ਕਿਉਂ ਕਰ ਰਹੀ ਹੈ | ਇਸ ਸਮੇਂ ਓਾਕਾਰ ਕੌਰ, ਸ਼ਿੰਦਰਪਾਲ ਕੌਰ, ਸੁੱਖਵਿੰਦਰ ਕੌਰ, ਕਿਰਨਦੀਪ ਕੌਰ, ਲਖਵਿੰਦਰ ਕੌਰ, ਪੂਜਾ ਕਿ੍ਸ਼ਨਾ, ਕੰਚਨ, ਸੰਦੀਪ, ਨੀਲਮ ਸ਼ਰਮਾ, ਕੁਲਵਿੰਦਰ ਤੇ ਕੁਲਵੰਤ ਕੌਰ ਆਦਿ ਹਾਜ਼ਰ ਸਨ |