ਬੰਗਾ, 7 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਨਾਭਾ ਰਿਆਸਤ ਦੀ ਰਾਣੀ ਪ੍ਰੀਤੀ ਸਿੰਘ ਢਾਹਾਂ ਕਲੇਰਾਂ ਵਿਖੇ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਵਿਖੇ ਪੁੱਜੇ ਤੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ | ਉਨ੍ਹਾਂ ਦੁਆਰਾ ਨਿਭਾਈਆਂ ਜਾ ਰਹੀਆਂ ਸਮਾਜਿਕ ਸੇਵਾਵਾਂ ਲਈ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ | ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਵਲੋਂ ਨਾਭਾ ਰਿਆਸਤ ਵਲੋਂ ਨਿਭਾਈਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਦੌਰਾਨ ਰਾਣੀ ਪ੍ਰੀਤੀ ਸਿੰਘ ਨੇ ਗੁਰੂ ਨਾਨਕ ਕਾਲਜ ਆਫ ਨਰਸਿੰਗ ਦੇ ਵਿਖੇ ਮਨਾਏ ਵਿਸ਼ਵ ਸਿਹਤ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਉਨ੍ਹਾਂ ਨਰਸਿੰਗ ਵਿਦਿਆਰਥੀਆਂ ਵਲੋਂ ਲਗਾਈ ਸਿਹਤ ਜਾਗਰੂਕਤਾ ਪ੍ਰਦਰਸ਼ਨੀ ਦੇਖੀ ਅਤੇ ਕਾਲਜ ਦੇ ਨਵ ਨਿਰਮਾਣਿਤ ਸੈਮੀਨਾਰ ਹਾਲ ਦਾ ਉਦਘਾਟਨ ਵੀ ਕੀਤਾ | ਕਾਲਜ ਦੇ ਪਿ੍ੰਸੀਪਲ ਰਮਨਦੀਪ ਕੌਰ ਨੇ ਸਵਾਗਤੀ ਸ਼ਬਦ ਕਹੇ ਅਤੇ ਵਿਦਿਆਰਥਣਾਂ ਨੇ ਚੇਤਨਾ ਦਾ ਸੁਨੇਹਾ ਦਿੰਦੀਆਂ ਪੇਸ਼ਕਾਰੀਆਂ ਕੀਤੀਆਂ | ਰਾਣੀ ਪ੍ਰੀਤੀ ਸਿੰਘ ਵਲੋਂ ਢਾਹਾਂ ਕਲੇਰਾਂ ਵਿਖੇ ਪੰਜਵੇਂ ਦਹਾਕੇ ਤੱਕ ਕਾਰਜਸ਼ੀਲ ਸਿੱਖਿਆ ਅਤੇ ਮੈਡੀਕਲ ਅਦਾਰਿਆਂ ਦੀਆਂ ਸੇਵਾਵਾਂ ਦੀ ਪ੍ਰਸੰਸਾ ਕੀਤੀ ਗਈ | ਉਹਨਾਂ ਪੇਂਡੂ ਖਿੱਤੇ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਦੀ ਸਥਾਪਤੀ ਨੂੰ ਮਰੀਜ਼ਾਂ ਲਈ ਵਰਦਾਨ ਦੱਸਿਆ | ਇਸ ਮੌਕੇ ਟਰੱਸਟ ਦੇ ਖਜ਼ਾਨਚੀ ਬਲਵਿੰਦਰ ਕੌਰ ਕਲਸੀ, ਸਹਾਇਕ ਸਕੱਤਰ ਜਗਜੀਤ ਸਿੰਘ ਸੋਢੀ, ਕਾਰਜਕਾਰੀ ਮੈਂਬਰ ਦਵਿੰਦਰ ਸਿੰਘ ਕਲੇਰ, ਸਮਾਜ ਸੇਵੀ ਸਤਨਾਮ ਸਿੰਘ ਬਲਾਕੀਪੁਰ, ਮੈਡੀਕਲ ਸੁਪਰਡੈਂਟ ਜਸਦੀਪ ਸਿੰਘ ਸੈਣੀ, ਡਾਇਰੈਕਟਰ ਐਚ.ਆਰ ਹੁਨਰਦੀਪ ਸਿੰਘ, ਡਾਇਰੈਕਟਰ ਸਿੱਖਿਆ ਹਰਬੰਸ ਸਿੰਘ ਬੋਲੀਨਾ, ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ ਆਦਿ ਸ਼ਾਮਲ ਸਨ |
ਨਾਭਾ ਰਿਆਸਤ ਦੀ ਰਾਣੀ ਪ੍ਰੀਤੀ ਸਿੰਘ ਢਾਹਾਂ ਕਲੇਰਾਂ ਪੁੱਜੇ <br/>
ਅਜੀਤ ਡੈਸਕ
08-04-2026