ਨਵਾਂਸ਼ਹਿਰ, 7 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਪੀ. ਐੱਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਪਿ੍ੰਸੀਪਲ ਡਾ. ਸੁਰਿੰਦਰ ਪਾਲ ਅਗਨੀਹੋਤਰੀ ਸਟੇਟ ਐਵਾਰਡੀ ਦੀ ਅਗਵਾਈ 'ਚ ਵਿਸ਼ਵ ਸਿਹਤ ਦਿਵਸ ਮਨਾਇਆ ਗਿਆ | ਸਕੂਲ ਮੁਖੀ ਵਲੋਂ ਸਵੇਰ ਦੀ ਸਭਾ ਵਿੱਚ ਬੱਚਿਆਂ ਨੂੰ ਵਿਸ਼ਵ ਸਿਹਤ ਦਿਵਸ ਸਬੰਧੀ ਜਾਣਕਾਰੀ ਦਿੱਤੀ ਗਈ | ਸਾਇੰਸ ਅਧਿਆਪਕ ਸੁਖਵਿੰਦਰ ਲਾਲ ਨੇ ਬੱਚਿਆਂ ਦੇ ਰੂਬਰੂ ਹੁੰਦਿਆਂ ਹੋਇਆਂ ਦੱਸਿਆ ਕਿ ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਸਾਰੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ | ਵਿਸ਼ਵ ਸਿਹਤ ਸੰਗਠਨ ਨੇ 1948 'ਚ ਪਹਿਲੀ ਵਿਸ਼ਵ ਸਿਹਤ ਸਭਾ ਦੀ ਮੀਟਿੰਗ ਬੁਲਾਈ ਅਤੇ ਇਹ ਨਿਰਣਾ ਲਿਆ ਗਿਆ ਸੀ ਕਿ ਹਰ ਸਾਲ ਇਹ ਦਿਨ 7 ਅਪ੍ਰੈਲ ਨੂੰ ਮਨਾਇਆ ਜਾਵੇਗਾ | ਇਸ ਮੌਕੇ ਵਿਸਵ ਦੇ ਲੋਕਾਂ ਦੀ ਸਿਹਤ ਸੰਬੰਧੀ ਸੈਮੀਨਾਰ, ਗੋਸ਼ਟੀਆਂ, ਨਾਟਕ, ਨੁਕੜ ਨਾਟਕ ਕਰਵਾ ਕਿ ਲੋਕਾਂ ਨੂੰ ਸਿਹਤ ਸੰਬੰਧੀ ਜਾਗਰੂਕ ਕੀਤਾ ਜਾਂਦਾ ਹੈ | ਉਹਨਾਂ ਨੇ ਬੱਚਿਆਂ ਨੂੰ ਚੰਗੀ ਖੁਰਾਕ, ਕਸਰਤ ਕਰਨ ਲਈ ਪ੍ਰੇਰਿਤ ਕੀਤਾ | ਸਿਹਤ ਉੱਪਰ ਮਾੜਾ ਪ੍ਰਭਾਵ ਪਾਉਣ ਵਾਲੀਆਂ, ਜੰਕ ਫੂਡ, ਖਾਣ-ਪੀਣ ਵਾਲੀਆਂ ਦੂਸਰੀਆਂ ਚੀਜ਼ਾਂ ਅਤੇ ਮੁਬਾਇਲ ਫ਼ੋਨ ਦੀ ਬੇਲੋੜੀ ਵਰਤੋਂ ਕਰਨ ਤੋਂ ਵਰਜਦਿਆਂ ਉਹਨਾਂ ਦੇ ਸੁਨਹਿਰੀ ਭਵਿੱਖ ਲਈ ਨੁਕਤੇ ਵੀ ਸਾਂਝੇ ਕੀਤੇ ਗਏ | ਬੱਚਿਆਂ ਨੂੰ ਅੱਜ ਦੇ ਦਿਨ ਸਬੰਧੀ ਸਵਾਲ ਪੁੱਛੇ ਗਏ ਅਤੇ ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ |