ਨਵਾਂਸ਼ਹਿਰ, 8 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਕਿਰਤੀ ਕਿਸਾਨ ਯੂਨੀਅਨ ਵਲੋਂ ਭਾਨ ਮਜਾਰਾ ਵਿਖੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਇਨਕਲਾਬੀ ਨਾਟਕ ਕਰਵਾਏ ਗਏ | ਇਹ ਨਾਟਕ ਭਗਤ ਸਿੰਘ ਅਤੇ ਬੁਟਕੇਸ਼ਵਰ ਦੱਤ ਵਲੋਂ 8 ਅਪ੍ਰੈਲ 1929 ਨੂੰ ਦਿੱਲੀ ਦੀ ਕੌਮੀ ਅਸੈਂਬਲੀ ਵਿਚ ਸੁੱਟੇ ਗਏ ਬੰਬ ਦਿਹਾੜੇ ਨੂੰ ਸਮਰਪਿਤ ਸਨ | ਇਸ ਮੌਕੇ ਲੋਕ ਕਲਾ ਮੰਚ ਮੰਡੀ ਮੁੱਲਾ ਪੁਰ ਨਾਟਕ ਟੀਮ ਵਲੋਂ ਸੁਰਿੰਦਰ ਸ਼ਰਮਾ ਦੀ ਨਿਰਦੇਸ਼ਨਾ ਹੇਠ ਦਵਿੰਦਰ ਦਮਨ ਦਾ ਲਿਖਿਆ ਨਾਟਕ 'ਛਿਪਣ ਤੋਂ ਪਹਿਲਾਂ' ਅਤੇ ਸੁਰਿੰਦਰ ਸ਼ਰਮਾ ਦਾ ਲਿਖਿਆ ਨਾਟਕ 'ਇਹ ਕੇਹੀ ਰੁੱਤ ਆਈ' ਪੇਸ਼ ਕੀਤੇ ਗਏ | ਛਿਪਣ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਦੇ ਜੇਲ੍ਹ ਦੇ ਦਿਨਾਂ ਨੂੰ ਦਰਸਾਉਂਦਾ ਹੈ, ਜਦਕਿ 'ਇਹ ਕੇਹੀ ਰੁੱਤ ਆਈ' ਨਾਟਕ ਪੰਜਾਬ ਅੰਦਰ ਨਸ਼ਿਆਂ ਨਾਲ ਨੌਜਵਾਨੀ ਦੀ ਬਰਬਾਦੀ ਦੀ ਗੱਲ ਕਰਦਾ ਅਤੇ ਨਸ਼ਿਆਂ ਵਿਰੁੱਧ ਉੱਠ ਖਲੋਣ ਦਾ ਸੁਨੇਹਾ ਦਿੰਦਾ ਹੈ | ਇਹਨਾਂ ਨਾਟਕਾਂ ਦੀ ਪੇਸ਼ਕਾਰੀ ਬਹੁਤ ਹੀ ਵਧੀਆ ਸੀ, ਜਿਸਨੇ ਦਰਸ਼ਕਾਂ ਨੂੰ ਆਪਣੇ ਨਾਲ-ਨਾਲ ਤੋਰੀ ਰੱਖਿਆ | ਇਸ ਮੌਕੇ ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਭੁਪਿੰਦਰ ਸਿੰਘ ਵੜੈਚ ਨੇ ਸੰਬੋਧਨ ਕਰਦਿਆਂ ਕਿਹਾ ਕਿ ਭਗਤ ਸਿੰਘ ਅਤੇ ਬੀ. ਕੇ. ਦੱਤ ਵਲੋਂ ਕਾਲੇ ਕਾਨੂੰਨਾਂ ਵਿਰੁੱਧ ਅੱਜ ਦੇ ਦਿਨ ਸੁੱਟਿਆ ਗਿਆ ਬੰਬ ਸਾਨੂੰ ਅੱਜ ਦੇ ਭਾਰਤੀ ਹਾਕਮਾਂ ਵਲੋਂ ਲਿਆਂਦੇ ਗਏ ਕਾਲੇ ਕਾਨੂੰਨਾਂ ਵਿਰੁੱਧ ਉੱਠ ਖਲੋਣ ਦਾ ਸੱਦਾ ਦਿੰਦਾ ਹੈ, ਜਿਨ੍ਹਾਂ ਵਿਚ ਯੂ.ਏ.ਪੀ.ਏ., ਚਾਰ ਲੇਬਰ ਕੋਡ, ਬਿਜਲੀ ਬਿੱਲ 2025, ਬੀਜ ਸੋਧ ਬਿੱਲ, ਭਾਰਤ-ਅਮਰੀਕਾ ਵਪਾਰ ਸਮਝੌਤਾ ਸ਼ਾਮਲ ਹਨ | ਆਗੂਆਂ ਨੇ ਕਿਹਾ ਕਿ ਜਿਸ ਸਾਮਰਾਜਵਾਦ ਨੂੰ ਸ਼ਹੀਦ ਭਗਤ ਸਿੰਘ ਨੇ ਮੁਰਦਾਬਾਦ ਕਿਹਾ ਸੀ ਉਸ ਸਾਮਰਾਜਵਾਦ ਦਾ ਬਹੁਤ ਹੀ ਕਰੂਰ ਰੂਪ ਅੱਜ ਸਾਹਮਣੇ ਆ ਰਿਹਾ ਹੈ, ਚਾਹੇ ਉਹ ਐਪਸਟੀਨ ਫਾਇਲਾਂ ਦੇ ਰੂਪ 'ਚ ਹੋਵੇ ਜਾਂ ਫਿਰ ਅਮਰੀਕਾ ਵੱਲੋਂ ਈਰਾਨ ਉੱਤੇ ਕੀਤੇ ਜਾ ਰਹੇ ਹਮਲਿਆਂ ਦੇ ਰੂਪ ਵਿੱਚ | ਇਸ ਮੌਕੇ ਅਲੀਸ਼ਾ ਕਾਠਗੜ੍ਹ ਨੇ ਇਨਕਲਾਬੀ ਗੀਤ ਪੇਸ਼ ਕੀਤੇ | ਮੰਚ ਸੰਚਾਲਨਾ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਨੇ ਕੀਤੀ |