ਨਵਾਂਸ਼ਹਿਰ, 10 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਪੁਲਿਸ ਵਲੋਂ ਇਕ ਬੈਂਕ ਮੈਨੇਜਰ ਸਮੇਤ ਤਿੰਨ ਜਣਿਆ 'ਤੇ ਧੋਖਾਧੜੀ ਕਰਨ ਦੇ ਮਾਮਲੇ 'ਚ ਪਰਚਾ ਦਰਜ ਕੀਤਾ | ਪ੍ਰਾਪਤ ਜਾਣਕਾਰੀ ਅਨੁਸਾਰ ਐੱਨ.ਆਰ.ਆਈ. ਬੈਂਕ ਖਾਤਿਆਂ ਵਿੱਚੋਂ ਪੈਸੇ ਨੂੰ ਬਿਨ੍ਹਾਂ ਉਸ ਦੀ ਸਹਿਮਤੀ ਜਾਂ ਜਾਣਕਾਰੀ ਤੋਂ ਆਪਣੇ ਵਿਅਕਤੀਗਤ ਹਿੱਤਾਂ ਲਈ ਕਿਸੇ ਹੋਰ ਕੰਪਨੀ ਵਿੱਚ ਨਿਵੇਸ਼ ਕਰ ਕੇ 74 ਲੱਖ ਰੁਪਏ ਦਾ ਗਬਨ ਕਰਨ ਵਾਲੇ ਐਕਸਿਸ ਬੈਂਕ ਦੇ ਮੈਨੇਜਰ ਅਤੇ ਇਕ ਜੋੜੇ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਧੋਖਾਦੇਹੀ ਦਾ ਕੇਸ ਦਰਜ ਕੀਤਾ ਹੈ | ਐੱਸ.ਐੱਸ.ਪੀ. ਕੋਲ ਦਰਜ ਕਰਵਾਈ ਸ਼ਿਕਾਇਤ 'ਚ ਪਰਮਿੰਦਰ ਸਿੰਘ ਪੂੰਨੀ ਪੁੱਤਰ ਹਰਮਿੰਦਰ ਸਿੰਘ ਪੂੰਨੀ ਵਾਸੀ ਪਿੰਡ ਗੁਣਾਚੌਰ, ਥਾਣਾ ਮੁਕੰਦਪੁਰ ਹਾਲ ਵਾਸੀ ਅਮਰੀਕਾ ਨੇ ਦੱਸਿਆ ਕਿ ਐਕਸਿਸ ਬੈਂਕ ਬੰਗਾ 'ਚ ਬਤੌਰ ਰਿਲੇਸ਼ਨਸ਼ਿਪ ਮੈਨੇਜਰ ਵਜੋਂ ਕੰਮ ਕਰਨ ਵਾਲੇ ਹਰਪ੍ਰੀਤ ਸਿੰਘ ਬੇਦੀ ਪੁੱਤਰ ਬਲਬੀਰ ਸਿੰਘ ਦੇ ਨਾਲ ਉਸਦੀ 2013 ਤੋਂ ਬੈਂਕ ਦੇ ਕਰਮਚਾਰੀ ਦੇ ਤੌਰ 'ਤੇ ਜਾਣ-ਪਛਾਣ ਸੀ | ਉਨ੍ਹਾਂ ਦੱਸਿਆ ਕਿ ਉਕਤ ਹਰਪ੍ਰੀਤ ਸਿੰਘ ਦਾ ਉਨ੍ਹਾਂ ਦੇ ਘਰ ਆਉਣ-ਜਾਣ ਵੀ ਸੀ | 12 ਸਾਲਾਂ ਦੀ ਜਾਣ-ਪਛਾਣ ਅਤੇ ਬੈਂਕ ਮੈਨੇਜਰ ਹੋਣ ਦੇ ਨਾਤੇ ਉਨ੍ਹਾਂ ਦਾ ਉਸ 'ਤੇ ਵਿਸ਼ਵਾਸ ਬਣ ਗਿਆ ਅਤੇ ਉਨ੍ਹਾਂ ਨੂੰ ਯਕੀਨ ਸੀ ਕਿ ਉਹ ਉਨ੍ਹਾਂ ਦੇ ਨਾਲ ਕੁੱਝ ਗਲਤ ਨਹੀਂ ਕਰ ਸਕਦਾ | ਪਰ ਉਕਤ ਬੈਂਕ ਮੈਨੇਜਰ ਨੇ ਉਸ ਦੇ ਭਰੋਸੇ ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਸੋਚੀ ਸਮਝੀ ਸਾਜ਼ਿਸ਼ ਰਾਹੀਂ ਉਸ ਦੀ ਖੂਨ ਪਸੀਨੇ ਦੀ ਕਮਾਈ ਦਾ ਗਬਨ ਕੀਤਾ ਹੈ | ਉਸ ਨੇ ਦੱਸਿਆ ਕਿ ਉਕਤ ਮੈਨੇਜਰ ਨੇ ਉਸ ਨੂੰ ਭਰੋਸੇ ਵਿੱਚ ਲੈ ਕੇ ਉਸ ਦੇ ਬੈਂਕ ਖਾਤੇ ਦੀ ਨੈੱਟ ਬੈਂਕਿੰਗ ਸ਼ੁਰੂ ਕਰਨ ਲਈ ਉਸਦੇ ਖਾਤੇ ਦਾ ਲਾਗਇਨ ਆਈ.ਡੀ. ਅਤੇ ਪਾਸਵਰਡ ਲਿਆ | ਉਸਨੇ ਆਪਣੇ ਤਬਾਦਲੇ ਤੋਂ ਬਾਅਦ ਉਸਦਾ ਖਾਤਾ ਆਪਣੀ ਨਵੀਂ ਤਾਇਨਾਤੀ ਵਾਲੀ ਥਾਂ ਪਿੰਡ ਧਮਾਈ ਦਾ ਦਰਜ ਕੀਤਾ ਧੋਖਾਦੇਹੀ ਸ਼ਾਖਾ ਵਿੱਚ ਤਬਦੀਲ ਕਰ ਦਿੱਤਾ | ਉਸ ਨੇ ਦੱਸਿਆ ਕਿ ਉਸ ਦੀ ਸਹਿਮਤੀ ਤੋਂ ਬਿਨਾਂ ਉਸ ਨੇ ਆਪਣੇ ਨਿੱਜੀ ਲਾਭ ਲਈ ਉਸ ਦੀ ਜਮ੍ਹਾ ਰਾਸ਼ੀ ਵਿਚੋਂ ਵੱਡੀ ਰਕਮ ਇਨਫਿਨਾਈਟ ਇਨਵੈਸਟਮੈਂਟ ਕੰਪਨੀ ਨੂੰ ਟਰਾਂਸਫਰ ਕਰ ਦਿੱਤੀ | ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਕਤ ਬੈਂਕ ਮੈਨੇਜਰ ਨੇ ਉਸ ਨਾਲ ਕਰੀਬ 74 ਲੱਖ ਦਾ ਧੋਖਾ ਕੀਤਾ ਹੈ | ਪੁਲਿਸ ਨੇ ਜਦੋਂ ਉਕਤ ਬੈਂਕ ਮੈਨੇਜਰ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਤਾਂ ਉਸ ਨੇ ਦੱਸਿਆ ਕਿ ਉਸਨੇ ਆਪਣੇ ਇਕ ਜਾਣਕਾਰ ਰਾਹੀਂ ਸੌਰਵ ਸ਼ਰਮਾ ਪੁੱਤਰ ਪੰਕਜ ਕੁਮਾਰ ਅਤੇ ਉਸ ਦੀ ਪਤਨੀ ਸੁਗੰਦਾ ਸ਼ਰਮਾ ਵਾਸੀ ਜ਼ੀਰਕਪੁਰ ਜੋ ਚੰਗਾ ਰਿਟਰਨ ਦੇਣ ਦੇ ਬਹਾਨੇ ਲੋਕਾਂ ਦੇ ਪੈਸੇ ਇਨਫਿਨਟ ਇਨਵੈਸਟਮੈਂਟ ਵਿੱਚ ਨਿਵੇਸ਼ ਕਰਦੇ ਹਨ, ਨੇ ਉਸ ਤੋਂ ਆਪਣੀ ਕੰਪਨੀ ਦੇ ਖਾਤੇ ਵਿਚ 23 ਲੱਖ ਰੁਪਏ ਟਰਾਂਸਫਰ ਕਰਵਾ ਲਏ ਸਨ | ਉਸ ਨੇ ਪੁਲਿਸ ਨੂੰ ਦੱਸਿਆ ਕਿ ਉਕਤ ਕੰਪਨੀ ਨੇ ਉਸ ਨੂੰ ਕਦੇ ਕੋਈ ਰਿਟਰਨ ਨਹੀਂ ਦਿੱਤੀ | ਪੁਲਿਸ ਨੇ ਦੱਸਿਆ ਕਿ ਉਕਤ ਕੰਪਨੀ ਦੇ ਸੌਰਵ ਅਤੇ ਸੁਰੀਦਾ ਨੂੰ ਪੁਲਿਸ ਜਾਂਚ 'ਚ ਸ਼ਾਮਲ ਹੋਣ ਲਈ ਪ੍ਰਵਾਨਾ ਭੇਜਿਆ ਗਿਆ ਸੀ ਪਰ ਉਹ ਪੁਲਿਸ ਜਾਂਚ 'ਚ ਸ਼ਾਮਲ ਨਹੀਂ ਹੋਏ | ਉਕਤ ਸ਼ਿਕਾਇਤ ਦੀ ਪੜਤਾਲ ਉਪਰੰਤ ਤਫਤੀਸ਼ੀ ਅਫਸਰ ਵੱਲੋਂ ਦਿੱਤੀ ਗਈ ਨਤੀਜਾ ਰਿਪੋਰਟ ਦੇ ਆਧਾਰ 'ਤੇ ਥਾਣਾ ਸਿਟੀ ਬੰਗਾ ਦੀ ਪੁਲਿਸ ਨੇ ਕਥਿਤ ਦੋਸ਼ੀ ਬੈਂਕ ਮੈਨੇਜਰ ਹਰਪ੍ਰੀਤ ਸਿੰਘ ਬੇਦੀ ਪੁੱਤਰ ਬਲਵੀਰ ਬੇਦੀ ਵਾਸੀ ਬੰਗਾ, ਸੌਰਵ ਸ਼ਰਮਾ ਪੁੱਤਰ ਪੰਕਜ ਕੁਮਾਰ ਅਤੇ ਉਸ ਦੀ ਪਤਨੀ ਸੁਗੰਦਾ ਵਾਸੀ ਜ਼ੀਰਕਪੁਰ ਦੇ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |