ਬੰਗਾ, 10 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)- ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਪਿ੍ੰਸੀਪਲ ਡਾ.ਤਰਸੇਮ ਸਿੰਘ ਭਿੰਡਰ ਦੀ ਯੋਗ ਅਗਵਾਈ ਹੇਠ ਅਤੇ ਦੀਪਕ ਬਾਲੀ ਜਨਰਲ ਸਕੱਤਰ, ਸਲਾਹਕਾਰ, ਸੱਭਿਆਚਾਰ ਅਤੇ ਸੈਰ - ਸਪਾਟਾ ਵਿਭਾਗ, ਪੰਜਾਬ ਸਰਕਾਰ ਦੇ ਵਿਸ਼ੇਸ਼ ਸਹਿਯੋਗ ਅਤੇ ਕਾਲਜ ਦੇ ਪੰਜਾਬੀ ਵਿਭਾਗ ਦੇ ਉੱਦਮ ਸਦਕਾ ਅਕਸ ਰੰਗਮੰਚ ਸਮਰਾਲਾ ਵੱਲੋਂ ਨਾਟਕ 'ਰਾਹਾਂ ਵਿੱਚ ਅੰਗਿਆਰ ਬੜੇ ਸੀ' ਜਿਸਦੇ ਲੇਖਕ ਅਤੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਹਨ ਦਾ ਸਫਲਤਾ ਪੂਰਵਕ ਮੰਚਨ ਹੋਇਆ | ਇਸ ਮੌਕੇ ਪੰਜਾਬੀ ਅਦਬ ਦੀ ਪ੍ਰਮੁੱਖ ਹਸਤੀ ਅਤੇ ਪੰਜਾਬੀ ਸ਼ਾਇਰਾ ਸੁਖਵਿੰਦਰ ਅੰਮਿ੍ਤ ਨੇ ਮੁੱਖ ਮਹਿਮਾਨ ਵਜੋਂ ਅਤੇ ਵੈਨਕੂਵਰ ਕੈਨੇਡਾ ਵਾਸੀ ਉੱਘੀ ਪੌਡਕਾਸਟਰ ਤਰੱਨੁੰਮ ਥਿੰਦ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਆਸਟ੍ਰੇਲੀਆ ਨਿਵਾਸੀ ਸ. ਬਲਵਿੰਦਰ ਸਿੰਘ ਸ਼ੋਕਰ ਅਤੇ ਉਹਨਾਂ ਦੀ ਧਰਮ ਪਤਨੀ ਵੀ ਨਾਟਕ ਦਾ ਆਨੰਦ ਮਾਨਣ ਹਿੱਤ ਵਿਸ਼ੇਸ਼ ਤੌਰ 'ਤੇ ਪਹੁੰਚੇ | ਸਮੁੱਚਾ ਨਾਟਕ ਸ਼ਾਇਰਾ ਸੁਖਵਿੰਦਰ ਅੰਮਿ੍ਤ ਦੀ ਜੀਵਨੀ ਹੋਂਦ ਆਧਾਰਿਤ ਸੋਲੋ ਨਾਟਕ ਸੀ | ਜਿਸ ਵਿੱਚ ਵਰਤਮਾਨ ਦੌਰ ਦੀ ਚਕਾਚੌਂਧ ਵਾਲੀ ਜੀਵਨ ਸ਼ੈਲੀ ਤੋਂ ਬਿਲਕੁਲ ਵੱਖਰੀ ਉਸ ਔਰਤ ਦੀ ਕਹਾਣੀ ਹੈ ਜਿਹੜੀ ਨਿੱਜੀ, ਸਮਾਜਿਕ ਅਤੇ ਆਰਥਿਕ ਤੌਰ 'ਤੇ ਕਈ ਦੁਸ਼ਵਾਰੀਆਂ ਦਾ ਸਾਹਮਣਾ ਕਰਦਿਆਂ ਆਪਣੀ ਹੋਂਦ ਲਈ ਸੰਘਰਸ਼ ਦਾ ਪੈਂਡਾ ਤੈਅ ਕਰਦੀ ਹੈ | ਇਸ ਸਮਾਗਮ ਦੀ ਪ੍ਰਧਾਨਗੀ ਜਰਨੈਲ ਸਿੰਘ ਪੱਲੀ ਝਿੱਕੀ ਅਤੇ ਸੁਰਜੀਤ ਸਿੰਘ ਰੱਕੜ ਨੇ ਕੀਤੀ | ਨਾਟਕ 'ਚ ਅਦਾਕਾਰਾ ਕਮਲਜੀਤ ਕੌਰ ਦੀ ਬਾਕਮਾਲ ਅਦਾਇਗੀ ਨੇ ਦਰਸ਼ਕਾਂ ਦੀ ਰੂਹ ਨੂੰ ਜਿਵੇਂ ਕੀਲ ਹੀ ਲਿਆ | ਨਾਟਕ ਦਰਮਿਆਨ ਲਗਾਤਾਰ ਜਾਰੀ ਤਾੜੀਆਂ ਦੀ ਗੜਗੜਾਹਟ ਨੇ ਸਿੱਧ ਕਰ ਦਿੱਤਾ ਕਿ ਰੰਗਮੰਚ ਦਾ ਮਨੁੱਖੀ ਜਿੰਦਗੀ ਵਿੱਚ ਸਥਾਨ ਬਹੁਤ ਵੱਡਾ ਹੈ | ਤਰੱਨੁੰਮ ਥਿੰਦ ਨੇ ਵੀ ਵਿਦਿਆਰਥੀਆਂ ਨਾਲ ਆਪਣੀ ਜ਼ਿੰਦਗੀ ਦੇ ਅਨੁਭਵ ਸਾਂਝੇ ਕੀਤੇ | ਮੰਚ ਸੰਚਾਲਨ ਦੀ ਸੋਹਣੀ ਪੇਸ਼ਕਾਰੀ ਪੰਜਾਬੀ ਵਿਭਾਗ ਦੇ ਮੁਖੀ ਡਾ.ਨਿਰਮਲਜੀਤ ਕੌਰ ਹੋਰਾਂ ਅਦਾ ਕੀਤੀ | ਸਮੂਹ ਸਟਾਫ਼ ਵਿਦਿਆਰਥੀ ਅਤੇ ਇਲਾਕੇ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੇ ਇਸ ਯਾਦਗਾਰੀ ਨਾਟਕ ਦਾ ਬੇਹੱਦ ਅਨੰਦ ਲਿਆ | ਨਾਟਕ ਦੇ ਅੰਤ 'ਤੇ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਧੰਨਵਾਦੀ ਸ਼ਬਦ ਡਾ. ਇੰਦੂਰੱਤੀ ਜੀ ਵੱਲੋਂ ਸਾਂਝੇ ਕੀਤੇ ਗਏ |