ਨਵਾਂਸ਼ਹਿਰ, 10 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ) - ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਗਾਈਡੈਂਸ ਕੌਂਸਲਰ ਰਾਕੇਸ਼ ਕੁਮਾਰ ਦੇ ਯਤਨਾਂ ਸਦਕਾ ਪੀ.ਐਮ.ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਵਿਦਿਆਰਥੀਆਂ ਦੀ ਕੈਰੀਅਰ ਕੌਂਸਲਿੰਗ ਕਰਵਾਈ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਡਾ. ਸੁਰਿੰਦਰ ਪਾਲ ਅਗਨੀਹੋਤਰੀ ਨੇ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਅਤੇ ਕਾਰੋਬਾਰ ਬਿਊਰੋ/ਮਾਡਲ ਕੈਰੀਅਰ ਸੈਂਟਰ ਵੱਲੋਂ ਮੈਡਮ ਹਿਨਾ ਭਾਟੀਆ ਜੰਗ ਪ੍ਰੋਫੈਸ਼ਨਲ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੇ ਪ੍ਰੋਜੈਕਟ ਦੀ ਸਹਾਇਤਾ ਨਾਲ ਵਿਦਿਆਰਥੀਆਂ ਦੀ ਕੈਰੀਅਰ ਕੌਂਸਲਿੰਗ ਦੌਰਾਨ ਦਸਵੀਂ ਅਤੇ ਬਾਰ੍ਹਵੀਂ ਪਾਸ ਕਰਨ ਉਪਰੰਤ ਕੀਤੇ ਜਾ ਸਕਣ ਵਾਲੇ ਕੋਰਸ ਅਤੇ ਉਹਨਾਂ ਕੋਰਸਾਂ ਉਪਰੰਤ ਮਿਲਣ ਵਾਲੀਆਂ ਨੌਕਰੀਆਂ ਅਤੇ ਬਾਰੇ ਵਿਸਥਾਰ ਵਿੱਚ ਦੱਸਿਆ | ਇਸ ਦੇ ਨਾਲ ਹੀ ਵਿਦਿਅਕ ਯੋਗਤਾ ਦਸਵੀਂ ਅਤੇ ਬਾਰਵੀਂ ਦੇ ਆਧਾਰ 'ਤੇ ਮਿਲਣ ਵਾਲੀਆਂ ਨੌਕਰੀਆਂ, ਨੌਕਰੀਆਂ ਦੇ ਟੈਸਟ ਦੀ ਤਿਆਰੀ, ਇੰਟਰਵਿਊ ਆਦਿ ਬਾਰੇ ਵੀ ਦੱਸਿਆ ਗਿਆ | ਉਨ੍ਹਾਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਵਿੱਦਿਅਕ ਸਹੂਲਤਾਂ, ਸਕੀਮਾਂ, ਮੁਫ਼ਤ ਸਿਖਲਾਈ, ਰਿਹਾਇਸ਼ ਅਤੇ ਸਿੱਖਿਆ ਪ੍ਰਦਾਨ ਕਰਨ ਵਾਲੇ ਅਦਾਰਿਆਂ ਬਾਰੇ ਵੀ ਦੱਸਿਆ ਗਿਆ | ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ |