ਬੰਗਾ, 10 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)- ਸਿੱਖ ਨੈਸ਼ਨਲ ਕਾਲਜ ਬੰਗਾ ਦੇ ਕਾਮਰਸ ਵਿਭਾਗ ਵੱਲੋਂ ਵਿਭਾਗ- ਮੁਖੀ ਡਾ. ਕਮਲਦੀਪ ਕੌਰ ਦੀ ਯੋਗ ਅਗਵਾਈ 'ਚ ਬੀ. ਕਾਮ ਭਾਗ ਤੀਜਾ ਦੇ ਵਿਦਿਆਰਥੀਆਂ ਦਾ ਵਿਸਾਖੀ ਦੇ ਪਵਿੱਤਰ ਮੌਕੇ ਨੂੰ ਸਮਰਪਿਤ ਇੱਕ ਵਿਸ਼ੇਸ਼ ਸਿੱਖਿਆਤਮਕ ਅਤੇ ਧਾਰਮਿਕ ਟੂਰ ਲਗਾਇਆ ਗਿਆ | ਇਸ ਟੂਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਤੇ ਸ਼ਾਨਦਾਰ ਵਿਰਾਸਤ ਤੋਂ ਜਾਣੂ ਕਰਵਾਉਣਾ ਸੀ | ਉਨ੍ਹਾਂ ਵਿੱਚ ਧਾਰਮਿਕ ਜਾਗਰੂਕਤਾ ਪੈਦਾ ਕਰਨਾ ਸੀ | ਯਾਤਰਾ ਦੌਰਾਨ ਵਿਦਿਆਰਥੀਆਂ ਨੇ ਸਭ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਜੋ ਖਾਲਸਾ ਪੰਥ ਦੇ ਜਨਮ ਸਥਾਨ ਵਜੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਹੈ | ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਅਤਿ ਮਹੱਤਵਪੂਰਨ ਸਥਾਨ ਰੱਖਦਾ ਹੈ | ਉਪਰੰਤ ਵਿਦਿਆਰਥੀਆਂ ਨੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਅਤੇ ਗੁਰਦੁਆਰਾ ਸਾਹਿਬ ਗੁਰੂ ਕੇ ਮਹਿਲ ਵਿਖੇ ਮੱਥਾ ਟੇਕ ਕੇ ਆਤਮਿਕ ਸ਼ਾਂਤੀ ਅਤੇ ਅਧਿਆਤਮਿਕ ਅਨੁਭਵ ਪ੍ਰਾਪਤ ਕੀਤਾ | ਉਨ੍ਹਾਂ ਨੂੰ ਕਿਲ੍ਹਾ ਅਨੰਦਗੜ੍ਹ ਵੀ ਵਿਖਾਇਆ ਗਿਆ | ਜਿੱਥੇ ਉਹਨਾਂ ਸਿੱਖ ਇਤਿਹਾਸ ਦੇ ਮਹੱਤਵਪੂਰਨ ਪਲਾਂ ਨਾਲ ਜਾਣੂ ਕਰਵਾਇਆ ਗਿਆ | ਇਸ ਟੂਰ ਦਾ ਵਿਸ਼ੇਸ਼ ਆਕਰਸ਼ਣ 'ਵਿਰਾਸਤ-ਏ-ਖਾਲਸਾ' ਦਾ ਦੌਰਾ ਰਿਹਾ | ਜੋ ਕਿ ਸਿੱਖ ਇਤਿਹਾਸ ਅਤੇ ਖਾਲਸਾ ਪੰਥ ਦੀ ਲਗਪਗ 500 ਸਾਲਾਂ ਦੀ ਸ਼ਾਨਦਾਰ ਵਿਰਾਸਤ ਨੂੰ ਦਰਸਾਉਂਦਾ ਇੱਕ ਆਧੁਨਿਕ ਅਤੇ ਵਿਲੱਖਣ ਅਜਾਇਬ ਘਰ ਹੈ | ਇੱਥੇ ਵਿਦਿਆਰਥੀਆਂ ਨੇ ਗੁਰੂ ਸਾਹਿਬਾਨ ਦੀ ਜੀਵਨੀ, ਸਿੱਖ ਇਤਿਹਾਸ ਅਤੇ ਪੰਜਾਬੀ ਸੱਭਿਆਚਾਰ ਬਾਰੇ ਵਿਸਥਾਰਪੂਰਵਕ ਜਾਣਕਾਰੀ ਹਾਸਲ ਕੀਤੀ ਨਾਲ ਉਨ੍ਹਾਂ ਦੀ ਇਤਿਹਾਸਕ ਸਮਝ ਹੋਰ ਮਜ਼ਬੂਤ ਹੋਈ | ਕਾਲਜ ਦੇ ਪਿ੍ੰਸੀਪਲ ਡਾ. ਤਰਸੇਮ ਸਿੰਘ ਭਿੰਡਰ ਨੇ ਵਿਭਾਗ ਦੇ ਇਸ ਉਪਰਾਲੇ ਦੀ ਭਰਪੂਰ ਪ੍ਰਸ਼ੰਸਾ ਕੀਤੀ | ਉਹਨਾਂ ਕਿਹਾ ਕਿ ਇਹ ਯਾਤਰਾ ਵਿਦਿਆਰਥੀਆਂ ਲਈ ਬਹੁਤ ਹੀ ਲਾਭਦਾਇਕ ਸਾਬਤ ਹੋਈ ਹੈ | ਜਿਸ ਨਾਲ ਉਨ੍ਹਾਂ ਵਿੱਚ ਧਾਰਮਿਕ ਜਾਗਰੂਕਤਾ, ਇਤਿਹਾਸਕ ਸੂਝ ਅਤੇ ਸੱਭਿਆਚਾਰਕ ਨਾਤੇ ਨੂੰ ਮਜ਼ਬੂਤੀ ਮਿਲੀ ਹੈ | ਕਾਲਜ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਣ ਲਈ ਵਚਨਬੱਧ ਹੈ | ਇਸ ਦੇ ਨਾਲ-ਨਾਲ ਉਨ੍ਹਾਂ ਕਾਮਰਸ ਵਿਭਾਗ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾਂਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ | ਵਿਭਾਗ ਮੁਖੀ ਡਾ. ਕਮਲਦੀਪ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹੋ ਜਿਹੀਆਂ ਸਿੱਖਿਆਤਮਕ ਅਤੇ ਧਾਰਮਿਕ ਯਾਤਰਾਵਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਹੀ ਜ਼ਰੂਰੀ ਹਨ | ਇਸ ਯਾਤਰਾ ਨੂੰ ਸਫਲ ਬਣਾਉਣ ਵਿੱਚ ਡਾ. ਕਮਲਦੀਪ ਕੌਰ ਅਤੇ ਵਿਭਾਗ ਦੇ ਸਮੂਹ ਅਧਿਆਪਕ ਵਰਗ ਦਾ ਮਹੱਤਵਪੂਰਨ ਯੋਗਦਾਨ ਰਿਹਾ | ਇਸ ਮੌਕੇ ਪ੍ਰੋ. ਦੀਪਿਕਾ, ਪ੍ਰੋ. ਮਨੀਸ਼ਾ ਅਤੇ ਸ. ਹਰਮਿੰਦਰ ਸਿੰਘ ਸੱਗੂ (ਦਫ਼ਤਰ) ਨੇ ਵੀ ਵਿਦਿਆਰਥੀਆਂ ਦੇ ਨਾਲ ਯਾਤਰਾ ਵਿੱਚ ਹਿੱਸਾ ਲਿਆ | ਉਨ੍ਹਾਂ ਦੀ ਰਹਿਨੁਮਾਈ ਕੀਤੀ | ਵਿਦਿਆਰਥੀ ਸਮਰੱਥਜੀਤ ਸਿੰਘ ਅਤੇ ਕਰਨ ਬਸਨਪਾਲ ਨੇ ਇਸ ਟੂਰ ਨੂੰ ਸਫਲ ਬਣਾਉਣ ਵਿੱਚ ਖਾਸ ਭੂਮਿਕਾ ਨਿਭਾਈ |