ਬੰਗਾ, 12 ਅਪ੍ਰੈਲ (ਸੁਰਿੰਦਰ ਸਿੰਘ ਕਰਮ ਲਧਾਣਾ)-ਸਕੂਲੀ ਸਿੱਖਿਆ 'ਚ ਆਧੁਨਿਕ ਤਕਨੀਕਾਂ ਨੂੰ ਸ਼ਾਮਲ ਕਰਨ ਦੇ ਉਦੇਸ਼ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਆਦਰਸ਼ ਸਕੂਲ ਖਟਕੜ ਕਲਾਂ ਵਿਖੇ 'ਏ.ਆਈ' ਦੀ ਵਰਕਸ਼ਾਪ ਲਗਾਈ ਗਈ | ਜਿਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ 'ਏ. ਆਈ.' ਸੰਬੰਧੀ ਹੁਨਰਾਂ ਨੂੰ ਵਿਕਸਿਤ ਕਰਨਾ ਸੀ, ਤਾਂ ਜੋ ਪੰਜਾਬ ਦੀ ਨਵੀਂ ਪੀੜ੍ਹੀ ਨਵੀਆਂ ਤਕਨੀਕਾਂ ਨੂੰ ਅਪਣਾਉਣ ਦੇ ਸਮਰੱਥ ਬਣ ਸਕੇ | ਇਸ ਵਰਕਸ਼ਾਪ ਦੌਰਾਨ ਆਦਰਸ਼ ਸਕੂਲ ਖਟਕੜ ਕਲਾਂ ਦੇ ਪਿ੍ੰਸੀਪਲ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਵਿਚ 20 ਸਕੂਲਾਂ ਦੇ 60 ਵਿਦਿਆਰਥੀਆਂ ਨੇ ਭਾਗ ਲਿਆ | ਵਿਦਿਆਰਥੀਆਂ ਨੂੰ ਪ੍ਰੋਜੈਕਟ ਤਿਆਰ ਕਰਨ ਲਈ ਇੱਕ ਘੰਟੇ ਦਾ ਸਮਾਂ ਦਿੱਤਾ ਗਿਆ | ਉਨ੍ਹਾਂ ਦੇ ਪ੍ਰੋਜੈਕਟਾਂ ਦਾ ਮੁਲਾਂਕਣ 'ਏ. ਆਈ.' ਮਾਹਿਰਾਂ ਦੇ ਪੈਨਲ ਵੱਲੋਂ ਕੀਤਾ ਗਿਆ | ਇਸ ਵਰਕਸ਼ਾਪ ਵਿੱਚ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਖਟਕੜ ਕਲਾਂ ਦੇ ਤਿੰਨ ਵਿਦਿਆਰਥੀ ਅਰਸ਼ਦੀਪ ਸਿੰਘ, ਤਰਨਪ੍ਰੀਤ ਸਿੰਘ ਤੇ ਅਮਨਜੋਤ ਕੌਰ ਨੇ ਪੂਰੇ ਪੰਜਾਬ ਵਿੱਚ ਪਹਿਲਾ ਸਥਾਨ ਹਾਸਲ ਕੀਤਾ | ਉਨ੍ਹਾਂ ਨੂੰ ਇਨਾਮ ਰੂਪ ਵਿੱਚ 11 ਹਜ਼ਾਰ ਰੁਪਏ ਦਾ ਨਕਦ ਇਨਾਮ ਤੇ ਸਰਟੀਫਿਕੇਟ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵਲੋਂ ਪ੍ਰਦਾਨ ਕੀਤਾ ਗਿਆ | ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਕੰਪਿਊਟਰ ਲੈਕਚਰਾਰ ਸੁਮੇਸ਼ ਅਗਨੀਹੋਤਰੀ ਨੂੰ ਜਾਂਦਾ ਹੈ | ਜਿਨ੍ਹਾਂ ਵਿਦਿਆਰਥੀਆਂ ਨੂੰ ਬਹੁਤ ਹੀ ਸਿਹਤਮੰਦ ਤਰੀਕੇ ਨਾਲ ਤਿਆਰੀ ਕਰਵਾਈ |