ਬੰਗਾ, 13 ਅਪ੍ਰੈਲ (ਧਰਮਵੀਰ ਪਾਲ)-ਭਾਰਤੀ ਜਨਤਾ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਸੀਨੀਅਰ ਆਗੂ ਸੰਜੀਵ ਭਾਰਦਵਾਜ ਨੇ ਪਿੰਡ ਮੱਲੂਪੋਤਾ ਵਿਖੇ ਗੱਲਬਾਤ ਕਰਦੇ ਹੋਏ ਸੂਬੇ ਦੀ ਮੌਜੂਦਾ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਸਥਿਤੀ 'ਤੇ ਤਿੱਖਾ ਹਮਲਾ ਕੀਤਾ | ਉਹ ਇੱਥੇ ਦੇਵ ਥਿੰਦ ਪ੍ਰਧਾਨ ਐੱਨ. ਆਰ. ਆਈ. ਸਭਾ ਪੰਜਾਬ ਦੇ ਗ੍ਰਹਿ ਵਿਖੇ ਹਾਜ਼ਰ ਸਨ | ਭਾਰਦਵਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਜਨਤਾ ਬਦਲਵੀਂ ਸਰਕਾਰ ਚਾਹੁੰਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ | ਦੂਸਰੇ ਪਾਸੇ ਭਾਜਪਾ ਸੂਬੇ ਵਿੱਚ ਵਿਕਾਸ, ਸੁਸ਼ਾਸਨ ਅਤੇ ਪਾਰਦਰਸ਼ਤਾ ਦੇ ਨਵੇਂ ਅਧਿਆਇ ਦੀ ਸ਼ੁਰੂਆਤ ਲਈ ਵਚਨਬੱਧ ਹੈ | ਭਾਰਦਵਾਜ ਨੇ ਮੌਜੂਦਾ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਨੂੰਨ-ਵਿਵਸਥਾ, ਰੋਜ਼ਗਾਰ ਅਤੇ ਕਿਸਾਨ ਹਿੱਤ ਵਰਗੇ ਮੁੱਦਿਆਂ 'ਤੇ ਸਰਕਾਰ ਪੂਰੀ ਤਰ੍ਹਾਂ ਨਾਕਾਮ ਰਹੀ ਹੈ | ਉਨ੍ਹਾਂ ਕਿਹਾ ਕਿ ਪਾਰਟੀ ਸੰਗਠਨ ਨੂੰ ਬੂਥ ਪੱਧਰ ਤੱਕ ਮਜ਼ਬੂਤ ਕੀਤਾ ਜਾ ਰਿਹਾ ਹੈ ਅਤੇ ਵਰਕਰਾਂ 'ਚ ਉਤਸ਼ਾਹ ਦਾ ਮਾਹੌਲ ਹੈ | ਭਾਰਦਵਾਜ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਪੰਜਾਬ ਦੀ ਰਾਜਨੀਤੀ ਵਿੱਚ ਵੱਡਾ ਬਦਲਾਵ ਵੇਖਣ ਨੂੰ ਮਿਲੇਗਾ | ਉਨ੍ਹਾਂ ਕਿਹਾ ਕਿ ਭਾਜਪਾ ਸਕਾਰਾਤਮਕ ਰਾਜਨੀਤੀ 'ਤੇ ਵਿਸ਼ਵਾਸ਼ ਰੱਖਦੀ ਹੈ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਠੋਸ ਨੀਤੀਆਂ ਨਾਲ ਲੋਕਾਂ ਦੇ ਸਾਹਮਣੇ ਆਵੇਗੀ | ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਨ੍ਹਾਂ ਸਪਸ਼ਟ ਕੀਤਾ ਕਿ ਪਾਰਟੀ ਸੂਬੇ ਵਿੱਚ ਮਜ਼ਬੂਤ ਵਿਕਲਪ ਵਜੋਂ ਉਭਰ ਰਹੀ ਹੈ ਅਤੇ ਲੋਕਾਂ ਦਾ ਭਰੋਸਾ ਭਾਜਪਾ ਨਾਲ ਵੱਧਦਾ ਜਾ ਰਿਹਾ ਹੈ | ਇਸ ਮੌਕੇ ਡਾ. ਨਰੇਸ਼ ਰਾਵਲ ਮੰਡਲ ਪ੍ਰਧਾਨ ਬੰਗਾ, ਨਰੇਸ਼ ਕੁਮਾਰ ਸੱਲ੍ਹਣ ਚੋਣ ਇੰਚਾਰਜ ਨਗਰ ਕੌਂਸਲ ਬੰਗਾ, ਵਿਕਾਸ ਬਾਂਸਲ, ਹਰਵਿੰਦਰ ਸਿੰਘ ਸਰਹਾਲ, ਅਮਨ ਥਿੰਦ ਆਦਿ ਹਾਜ਼ਰ ਸਨ |