ਕਾਠਗੜ੍ਹ, 15 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਐਕਸਾਈਜ਼ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਸਾਂਝਾ ਅਪ੍ਰੇਸ਼ਨ ਕੀਤਾ, ਜਿਸ ਵਿਚ ਪੁਲਿਸ ਨੇ ਕਿਸ਼ਨਪੁਰ ਦੇ ਸ਼ਮਸ਼ਾਨ ਘਾਟ ਦੇ ਬਾਥਰੂਮ ਵਿੱਚੋਂ 639 ਬੋਤਲਾਂ ਨਜਾਇਜ਼ ਸ਼ਰਾਬ ਦੀਆਂ ਬ੍ਰਾਮਦ ਕੀਤੀਆਂ | ਵਰਨਣਯੋਗ ਇਹ ਹੈ ਕਿ ਸ਼ਰਾਬ ਦੀ ਤਸਕਰੀ ਕਰਨ ਵਾਲੇ ਤਸਕਰਾਂ ਨੇ ਸ਼ਮਸ਼ਾਨਘਾਟ ਜਿਸ ਨੂੰ ਸੱਚ ਘਰ ਕਿਹਾ ਜਾਂਦਾ ਹੈ ਉਸ ਨੂੰ ਵੀ ਨਹੀਂ ਬਖਸ਼ਿਆ | ਕਾਠਗੜ੍ਹ ਪੁਲਿਸ ਨੇ ਤਿੰਨ ਵਿਆਕਤੀਆਂ ਦੇ ਖਿਲਾਫ ਐਕਸਾਈਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਐੱਸ.ਐੱਸ.ਓ. ਥਾਣਾ ਕਾਠਗੜ੍ਹ ਅਭਿਸ਼ੇਕ ਸ਼ਰਮਾ ਅਤੇ ਏ.ਐੱਸ.ਆਈ. ਪ੍ਰੇਮ ਲਾਲ ਨੇ ਦੱਸਿਆਂ ਕਿ ਉਨ੍ਹਾਂ ਦੀ ਅਗਵਾਈ 'ਚ ਪੁਲਿਸ ਪਾਰਟੀ ਕਿਸ਼ਨਪੁਰ ਮੋੜ 'ਤੇ ਮੌਜੂਦ ਸੀ ਕਿ ਇਸੇ ਦੌਰਾਨ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਕਥਿਤ ਦੋਸ਼ੀ ਗਗਨਦੀਪ ਵਾਸੀ ਭਰਥਲਾ ਥਾਣਾ ਕਾਠਗੜ੍ਹ ਜੋ ਕਿ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ | ਉਹ ਇਸ ਸਮੇਂ ਵੀ ਪਿੰਡ ਕਿਸ਼ਨਪੁਰ ਸਮਸ਼ਾਨਘਾਟ ਵਿੱਚ ਸ਼ਰਾਬ ਰੱਖ ਕੇ ਵੇਚਣ ਦੀ ਤਾਕ ਵਿੱਚ ਗ੍ਰਾਹਕਾਂ ਦੀ ਇੰਤਜ਼ਾਰ ਕਰ ਰਿਹਾ ਹੈ, ਇਸ 'ਤੇ ਕਾਠਗੜ੍ਹ ਪੁਲਿਸ ਦੇ ਐਸ.ਐਚ.ਓ ਅਭਿਸ਼ੇਕ ਸ਼ਰਮਾ ਅਤੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਸੁਨੀਲ ਭਾਰਦਵਾਜ਼ ਸਰਕਲ ਬਲਾਚੌਰ ਵਲੋਂ ਤੁਰੰਤ ਹਰਕਤ ਵਿੱਚ ਆ ਕੇ ਮੌਕੇ 'ਤੇ ਪਹੁੰਚ ਕੇ ਦੇਖਿਆਂ ਤਾਂ ਉਨ੍ਹਾਂ ਨੇ ਕਥਿਤ ਦੋਸ਼ੀ ਗਗਨਦੀਪ ਨੂੰ ਕਾਬੂ ਕਰ ਲਿਆ | ਪੁਲਿਸ ਵਲੋਂ ਸ਼ਮਸ਼ਾਨ ਘਾਟ ਤੇ ਬੰਦ ਬਾਥਰੂਮ ਵਿੱਚੋਂ 639 ਬੋਤਲਾਂ ਨਜਾਇਜ਼ ਸ਼ਰਾਬ ਜੋ ਸਿਰਫ ਚੰਡੀਗੜ੍ਹ ਵਿੱਚ ਵਿਕਣਯੋਗ ਉਹ ਬ੍ਰਾਮਦ ਕਰ ਲਈ ਗਈ | ਉਨ੍ਹਾਂ ਨੇ ਦੱਸਿਆ ਕਿ ਪੁਲਿਸ ਨੇ 2 ਹੋਰ ਅਣਪਛਾਤੇ ਵਿਆਕਤੀਆਂ ਦੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |