ਬਲਾਚੌਰ, 19 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਮੁੱਚੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਚਲਾਈ ਗਈ 'ਰੰਗਲਾ ਪੰਜਾਬ ਸਕੀਮ' ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਦਿਆਂ ਬੀਬੀ ਸੰਤੋਸ਼ ਕਟਾਰੀਆ ਹਲਕਾ ਵਿਧਾਇਕਾ ਬਲਾਚੌਰ ਵੱਲੋਂ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ 2.50 ਕਰੋੜ ਰੁਪਏ ਦੀ ਰਾਸ਼ੀ ਦੇ ਚੈੱਕ ਵੰਡੇ ਜਾ ਰਹੇ ਹਨ | ਇਹ ਰਾਸ਼ੀ ਹਲਕੇ ਲਈ ਪ੍ਰਵਾਨ ਹੋਈ ਕੁੱਲ 5 ਕਰੋੜ ਰੁਪਏ ਦੀ ਗਰਾਂਟ ਦੀ ਦੂਜੀ ਕਿਸ਼ਤ ਵਜੋਂ ਜਾਰੀ ਕੀਤੀ ਗਈ ਹੈ | ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ 2.50 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਵਿਕਾਸ ਕਾਰਜਾਂ ਲਈ ਖ਼ਰਚ ਕੀਤੀ ਜਾ ਚੁੱਕੀ ਹੈ | ਵਿਧਾਇਕਾ ਬੀਬੀ ਸੰਤੋਸ਼ ਕਟਾਰੀਆ ਨੇ ਦੱਸਿਆ ਕਿ ਇਹ ਰਾਸ਼ੀ ਗਲੀਆਂ ਅਤੇ ਨਾਲੀਆਂ ਦਾ ਪੱਕਾ ਨਿਰਮਾਣ, ਪਿੰਡਾਂ ਵਿੱਚ ਸਟਰੀਟ ਲਾਈਟਾਂ ਦਾ ਪ੍ਰਬੰਧ, ਸਾਂਝੀਆਂ ਥਾਵਾਂ ਅਤੇ ਧਰਮਸ਼ਾਲਾਵਾਂ ਨਵੀਨੀਕਰਨ ਆਦਿ ਵਿਕਾਸ ਕਾਰਜਾਂ ਲਈ ਦਿੱਤੀ ਗਈ ਹੈ | ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਆਧੁਨਿਕ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਤਤਪਰ ਹੈ | ਸਾਡਾ ਮਕਸਦ ਸਿਰਫ਼ ਗਰਾਂਟਾਂ ਦੇਣਾ ਹੀ ਨਹੀਂ, ਸਗੋਂ ਪਾਰਦਰਸ਼ੀ ਤਰੀਕੇ ਨਾਲ ਹਰ ਪੈਸਾ ਵਿਕਾਸ 'ਤੇ ਖ਼ਰਚ ਕਰਕੇ ਆਮ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ | ਉਨ੍ਹਾਂ ਨੇ ਪੰਚਾਇਤ ਮੈਂਬਰਾਂ ਨੂੰ ਹਿਦਾਇਤ ਕੀਤੀ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ ਅਤੇ ਕੰਮ ਪੂਰੀ ਇਮਾਨਦਾਰੀ ਨਾਲ ਨੇਪਰੇ ਚਾੜ੍ਹੇ ਜਾਣ |