ਸਮੁੰਦੜਾ, 19 ਅਪ੍ਰੈਲ (ਤੀਰਥ ਸਿੰਘ ਰੱਕੜ)-ਭਾਵੇਂ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ 1 ਅਪ੍ਰੈਲ ਤੋਂ ਰਸਮੀ ਤੌਰ 'ਤੇ ਕਣਕ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਸੀ, ਪਰ ਕਰੀਬ ਵੀਹ ਦਿਨ ਬੀਤ ਜਾਣ ਦੇ ਬਾਵਜੂਦ ਵੀ ਮੰਡੀਆਂ ਵਿੱਚ ਕਣਕ ਤੇ ਖ਼ਰੀਦ ਪ੍ਰਬੰਧਾਂ ਦਾ ਬੇਹੱਦ ਮਾੜਾ ਹਾਲ ਹੈ, ਜਿਸ ਕਰਕੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਜਥੇਦਾਰ ਬੂਟਾ ਸਿੰਘ ਅਲੀਪੁਰ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਗੜ੍ਹਸ਼ੰਕਰ ਵੱਲੋਂ ਕੀਤਾ ਗਿਆ | ਉਹਨਾਂ ਕਿਹਾ ਕਿ ਮੰਡੀਆਂ ਵਿੱਚ ਚੁਕਾਈ ਨਾ ਹੋਣ ਕਰਕੇ ਬੋਰੀਆਂ ਦੇ ਅੰਬਾਰ ਲੱਗੇ ਹੋਏ ਹਨ ਅਤੇ ਕਿਸਾਨਾਂ ਨੂੰ ਕਣਕ ਢੇਰੀ ਕਰਨ ਲਈ ਥਾਂ ਨਹੀਂ ਲੱਭ ਰਹੀ | ਇਸ ਤੋਂ ਇਲਾਵਾ ਇਲਾਕੇ ਦੀਆਂ ਕੱਚੀਆਂ ਮੰਡੀਆਂ ਵਿੱਚ ਉੱਡ ਰਹੀ ਧੂੜ ਅਤੇ ਪਾਣੀ ਦੀ ਕਿੱਲਤ ਕਾਰਨ ਵੀ ਮੰਡੀਆਂ ਵਿੱਚ ਕਣਕ ਲੈ ਕੇ ਆ ਰਹੇ ਕਿਸਾਨਾਂ ਨੂੰ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |