ਮਜਾਰੀ/ਸਾਹਿਬਾ, 19 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)- ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਖੇਤੀਬਾੜੀ ਅਫਸਰ ਸੜੋਆ ਡਾ. ਨੀਤਨ ਵਲੋਂ ਆਪਣੀ ਟੀਮ ਨਾਲ ਪਿੰਡ ਰੱਕੜਾਂ ਢਾਹਾਂ ਵਿਖੇ ਕੈਂਪ ਲਗਾ ਕੇ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ ਦਾ ਕੰਮ ਜੋਰਾਂ 'ਤੇ ਚੱਲ ਰਿਹਾ ਹੈ | ਕਈ ਕਿਸਾਨ ਵੀਰ ਕਣਕ ਦੇ ਨਾੜ ਨੂੰ ਅੱਗ ਲਗਾ ਦਿੰਦੇ ਹਨ | ਜਿਸ ਕਾਰਨ ਕਈ ਵਾਰ ਆਲੇ ਦੁਆਲੇ ਖੜ੍ਹੀ ਕਣਕ ਦੀ ਫਸਲ ਨੂੰ ਵੀ ਅੱਗ ਲੱਗ ਜਾਂਦੀ ਹੈ | ਜਿਸ ਨਾਲ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ | ਉਨ੍ਹਾਂ ਕਿਹਾ ਪੰਜਾਬ ਸਰਕਾਰ ਤੇ ਗਰੀਨ ਟਿ੍ਬਿਊਨਲ ਵਲੋਂ ਵੀ ਫਸਲਾਂ ਦੀ ਰਹਿੰਦ ਖੂੰਦ ਨੂੰ ਅੱਗ ਲਗਾਉਣ 'ਤੇ ਪੂਰੀ ਤਰਾਂ ਪਾਬੰਦੀ ਲਗਾਈ ਗਈ ਹੈ | ਜਿਨਾਂ ਕਿਸਾਨਾਂ ਦੇ ਖੇਤਾਂ ਵਿਚੋਂ ਟਰਾਂਸਫਾਰਮ ਜਾਂ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ | ਉਹ ਕਿਸਾਨ ਪਹਿਲਾਂ ਤਾਰਾਂ ਦੇ ਥੱਲੇ ਤੋਂ ਕਣਕ ਕੱਟ ਲੈਣ | ਇਸ ਮੌਕੇ ਸੁਰਿੰਦਰ ਪਾਲ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਸੜੋਆ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਪਣੀਆਂ-ਆਪਣੀਆਂ ਕਿਸਾਨ ਆਈ. ਡੀ. ਜਰੂਰ ਬਣਵਾ ਲੈਣ | ਸਰਕਾਰ ਵਲੋਂ ਖੇਤੀ ਸੰਬੰਧੀ ਸਹੂਲਤਾਂ ਲੈਣ ਲਈ ਆਈ. ਡੀ. ਜਰੂਰੀ ਕਰ ਦਿੱਤੀ ਗਈ ਹੈ | ਇਸ ਮੌਕੇ ਵਰਿੰਦਰ ਪਾਲ ਖੇਤੀਬਾੜੀ ਵਿਸਥਾਰ ਅਫਸਰ ਨੇ ਆਖਿਆ ਕਿ ਜਿਹੜਾ ਵੀ ਕਿਸਾਨ ਵੀਰ ਸਾਉਣੀ ਰੁੱਤ ਵਾਲੀ ਮੱਕੀ ਦੀ ਕਾਸ਼ਤ ਕਰੇਗਾ ਉਸ ਨੂੰ ਸਰਕਾਰ ਵਲੋਂ 17500/ ਪ੍ਰਤੀ ਹੈਕਟੇਅਰ (ਢਾਈ ਏਕੜ) ਲਈ ਉਪਦਾਨ ਦਿਤਾ ਜਾਵੇਗਾ | ਮੱਕੀ ਦੀ ਕਾਸ਼ਤ ਕਰਨ ਵਾਲੇ ਕਿਸਾਨ ਆਪਣੀ ਜਮੀਨ ਦੀ ਫਰਦ, ਅਧਾਰ ਕਾਰਡ ਅਤੇ ਅਧਾਰ ਕਾਰਡ ਨਾਲ ਲਿੰਕ ਮੋਬਾਇਲ ਲੈ ਕੇ ਖੇਤੀਬਾੜੀ ਦਫਤਰ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਸੁਖਦੇਵ ਸਿੰਘ, ਅਮਰਜੀਤ ਸਿੰਘ, ਮੁਖਤਿਆਰ ਸਿੰਘ, ਇਕਬਾਲ ਸਿੰਘ, ਕਸ਼ਮੀਰ ਸਿੰਘ, ਬਹਾਦਰ ਸਿੰਘ, ਹਰਜੀਤ ਸਿੰਘ, ਗੁਰਦੀਪ ਸਿੰਘ, ਹਰਬਖਸ ਸਿੰਘ, ਸੁਰਿੰਦਰ ਸਿੰਘ, ਬਖਤਾਵਰ ਸਿੰਘ, ਮੋਹਣ ਸਿੰਘ, ਪਰਮਜੀਤ ਸਿੰਘ, ਪ੍ਰਵੀਨ ਕੁਮਾਰੀ, ਸ਼ੁਸ਼ਮਾ ਰਾਣੀ, ਸੁਰਜੀਤ ਕੌਰ, ਜਸਵਿੰਦਰ ਕੌਰ, ਪਰਵਿੰਦਰ ਕੌਰ, ਮਹਿੰਦਰ ਕੌਰ, ਕੁਲਵਿੰਦਰ ਆਦਿ ਹਾਜਰ ਸਨ |