ਨਵਾਂਸ਼ਹਿਰ, 20 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਮੁੱਖ ਮੰਤਰੀ ਤੀਰਥ ਯਾਤਰਾ ਅਧੀਨ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਨਵਾਂਸ਼ਹਿਰ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤੀਸਰਾ ਜਥਾ ਸ੍ਰੀ ਅੰਮਿ੍ਤਸਰ ਸਾਹਿਬ ਦੀ ਯਾਤਰਾ ਲਈ ਰਵਾਨਾ ਕੀਤਾ ਗਿਆ | ਇਸ ਜਥੇ 'ਚ 51 ਮੈਂਬਰ ਸ਼ਾਮਲ ਸਨ | ਇਹ ਜਾਣਕਾਰੀ ਸਾਂਝੀ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸਰਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਜ਼ੁਰਗਾਂ ਲਈ ਜੋ ਬਿਲਕੁਲ ਮੁਫਤ ਯਾਤਰਾ ਦੀ ਸੇਵਾ ਆਰੰਭ ਕੀਤੀ ਗਈ ਹੈ ਉਸ ਵਿਚ ਜਿਥੇ ਪੂਰੇ ਜ਼ਿਲ੍ਹੇ ਭਰ ਵਿਚੋਂ ਪ੍ਰਸ਼ਾਸਨ ਵਲੋਂ ਸੰਗਤਾਂ ਨੂੰ ਇਸ ਯਾਤਰਾ ਲਈ ਸਮੇਂ-ਸਮੇਂ 'ਤੇ ਭੇਜਿਆ ਜਾ ਰਿਹਾ ਹੈ ਉੱਥੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵੱਲੋਂ ਇਸ ਸੇਵਾ ਲਈ ਨਵਾਂਸ਼ਹਿਰ ਅਤੇ ਇਲਾਕੇ ਦੀਆਂ ਸੰਗਤਾਂ ਨੂੰ ਪ੍ਰੇਰ ਕੇ ਲਗਾਤਾਰ ਤੀਸਰੀ ਵਾਰ ਜਥਾ ਭੇਜਿਆ ਗਿਆ ਹੈ | ਉਹਨਾਂ ਕਿਹਾ ਕਿ ਸੰਗਤਾਂ ਵਲੋਂ ਇਸ ਯਾਤਰਾ ਨੂੰ ਕਾਫੀ ਸਲਾਹੁਣਯੋਗ ਦੱਸਿਆ ਗਿਆ ਹੈ ਤੇ ਇਸ ਯਾਤਰਾ ਦੇ ਕੋਆਰਡੀਨੇਟਰ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਨਵਾਂਸ਼ਹਿਰ ਵੱਲੋਂ ਇਸ ਯਾਤਰਾ ਲਈ ਬਹੁਤ ਹੀ ਸੁਚੱਜੇ ਪ੍ਰਬੰਧ ਕਰਵਾਏ ਜਾਂਦੇ ਹਨ | ਉਨ੍ਹਾਂ ਕਿਹਾ ਕਿ ਉਹ ਖੁਦ ਵੀ ਇਸ ਯਾਤਰਾ ਤਹਿਤ ਦਰਬਾਰ ਸਾਹਿਬ ਤੇ ਹੋਰ ਸਥਾਨਾਂ ਦੀ ਯਾਤਰਾ ਕਰ ਚੁੱਕੇ ਹਨ ਅਤੇ ਸਰਕਾਰ ਵੱਲੋਂ ਤੀਰਥ ਯਾਤਰਾ ਲਈ ਲਿਆ ਗਿਆ ਇਹ ਫੈਸਲਾ ਜਿੱਥੇ ਸ਼ਲਾਘਾਯੋਗ ਹੈ ਉਥੇ ਸਤਨਾਮ ਸਿੰਘ ਜਲਵਾਹਾ ਵੱਲੋਂ ਵੀ ਇਸ ਯਾਤਰਾ ਦੀ ਦੇਖ ਰੇਖ ਬਹੁਤ ਪਾਰਦਰਸ਼ੀ ਢੰਗ ਨਾਲ ਕੀਤੀ ਜਾਂਦੀ ਹੈ | ਸਮੁੱਚੀਆਂ ਸੰਗਤਾਂ ਇਹ ਯਾਤਰਾ ਕਰਕੇ ਕਾਫੀ ਖੁਸ਼ੀ ਅਤੇ ਸੰਤੁਸ਼ਟੀ ਮਹਿਸੂਸ ਕਰਦੀਆਂ ਹਨ | ਉਹਨਾਂ ਦੱਸਿਆ ਕਿ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਇਸ ਨਿਸ਼ੁਲਕ ਯਾਤਰਾ ਲਈ ਅਗਲਾ ਅਤੇ ਚੌਥਾ ਜੱਥਾ 8 ਮਈ ਨੂੰ ਜਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਭੇਜਿਆ ਜਾਵੇਗਾ | ਇਸ ਮੌਕੇ ਉਹਨਾਂ ਦੇ ਨਾਲ ਸਰਦਾਰ ਜਗਜੀਤ ਸਿੰਘ, ਜਸਵਿੰਦਰ ਸਿੰਘ ਸੈਣੀ, ਦਲਜੀਤ ਸਿੰਘ ਬਡਵਾਲ, ਸੁਖਬੀਰ ਸਿੰਘ ਯਾਤਰਾ ਮੈਨੇਜਰ, ਰਣਜੀਤ ਸਿੰਘ, ਬਲਵੰਤ ਸਿੰਘ ਪਾਬਲਾ, ਸੁਰਿੰਦਰ ਸਿੰਘ, ਮਹਿੰਦਰ ਸਿੰਘ ਮਿਰਜਾਪੁਰ, ਹਰਦਿਆਲ ਸਿੰਘ ਕਲਾਮ ਰੋਡ ਵੀ ਮੌਜੂਦ ਸਨ |