ਬੰਗਾ, 21 ਅਪ੍ਰੈਲ (ਧਰਮਵੀਰ ਪਾਲ, ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹਾ ਮਹਿਲਾ ਕਾਂਗਰਸ ਦੀਆਂ ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਧਾਨ ਮਹਿਲਾ ਕਾਂਗਰਸ ਸ਼ਹੀਦ ਭਗਤ ਸਿੰਘ ਨਗਰ ਜਤਿੰਦਰ ਕੌਰ ਮੂੰਗਾ ਦੀ ਅਗਵਾਈ ਵਿਚ ਉਹਨਾਂ ਦੇ ਗ੍ਰਹਿ ਵਿਖੇ ਇਕ ਵਿਸ਼ੇਸ਼ ਮੀਟਿੰਗ ਹੋਈ | ਇਸ ਮੌਕੇ ਉਨ੍ਹਾਂ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮਹਿਲਾ ਆਗੂਆਂ ਨੂੰ ਵੱਖ-ਵੱਖ ਅਹੁਦਿਆਂ 'ਤੇ ਨਿਯੁਕਤ ਕਰਕੇ ਨਿਯੁਕਤੀ ਪੱਤਰ ਵੀ ਸੌਂਪੇ | ਮੈਡਮ ਮੂੰਗਾ ਨੇ ਦੱਸਿਆ ਕਿ ਨਵੀਆਂ ਨਿਯੁਕਤੀਆਂ ਅਨੁਸਾਰ ਗੁਰਪ੍ਰੀਤ ਕੌਰ ਗੋਬਿੰਦਪੁਰ ਨੂੰ ਬਲਾਕ ਬੰਗਾ ਦਾ ਪ੍ਰਧਾਨ, ਤਜਿੰਦਰ ਕੌਰ ਨੂੰ ਜ਼ਿਲ੍ਹਾ ਵਾਈਸ ਪ੍ਰਧਾਨ ਅਤੇ ਪ੍ਰਭਾਰੀ ਰਾਹੋਂ, ਕਿ੍ਸ਼ਨਾ ਦੇਵੀ ਜ਼ਿਲ੍ਹਾ ਜਨਰਲ ਸਕੱਤਰ, ਰਸ਼ਪਾਲ ਕੌਰ ਸਰਪੰਚ ਤਲਵੰਡੀ ਜੱਟਾਂ ਨੂੰ ਵਾਈਸ ਪ੍ਰਧਾਨ ਤੇ ਰਿੰਕਲ ਸ਼ਰਮਾ ਨੂੰ ਬੰਗਾ ਸ਼ਹਿਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਜਤਿੰਦਰ ਕੌਰ ਮੂੰਗਾ ਨੇ ਨਵੀਂ ਟੀਮ 'ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਇਹ ਨਿਯੁਕਤੀਆਂ ਪਾਰਟੀ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ | ਉਨ੍ਹਾਂ ਕਿਹਾ ਕਿ 2027 ਦੀ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਮਹਿਲਾ ਕਾਂਗਰਸ ਦੇ ਆਗੂ ਅਤੇ ਵਰਕਰ ਪੂਰੀ ਲਗਨ ਨਾਲ ਕੰਮ ਕਰਦੇ ਹੋਏ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਵਿੱਚ ਵੱਡਾ ਯੋਗਦਾਨ ਪਾਉਣਗੇ | ਨਵੇਂ ਚੁਣੇ ਅਹੁਦੇਦਾਰ ਮਹਿਲਾਵਾਂ ਨੇ ਵੀ ਭਰੋਸਾ ਦਿੰਦਿਆਂ ਕਿਹਾ ਕਿ ਉਹ ਦਿੱਤੇ ਗਏ ਅਹੁਦਿਆਂ ਨੂੰ ਇਮਾਨਦਾਰੀ ਨਾਲ ਨਿਭਾਉਂਦੀਆਂ ਹੋਈਆਂ ਪਾਰਟੀ ਨੂੰ ਬੁਲੰਦੀਆਂ 'ਤੇ ਲਿਜਾਣ ਲਈ ਪੂਰੀ ਮਿਹਨਤ ਕਰਨਗੀਆਂ | ਇਸ ਮੌਕੇ ਹਰੀਸ਼ ਸੱਦੀ, ਪਰਮਜੀਤ ਕੌਰ, ਸੋਨੀਆ ਰਾਏ, ਸੁਰਜੀਤ ਸਿੰਘ ਰੱਕੜ ਯੂ.ਐੱਸ.ਏ., ਅਮਰਜੀਤ ਸਿੰਘ ਅਤੇ ਮਨਜੀਤ ਕੌਰ ਸਮੇਤ ਹੋਰ ਵੀ ਹਾਜ਼ਰ ਸਨ |