ਬਲਾਚੌਰ, 23 ਅਪ੍ਰੈਲ (ਦੀਦਾਰ ਸਿੰਘ ਬਲਾਚੌਰੀਆ, ਨਰੇਸ਼ ਧੌਲ)-ਮਹਿਲਾ ਰਾਖਵਾਂਕਰਨ ਸਬੰਧੀ ਕਾਂਗਰਸ ਸਮੇਤ ਵਿਰੋਧੀਆਂ ਪਾਰਟੀਆਂ ਵਲੋਂ ਕੀਤੀ ਜਾ ਰਹੀ ਬਿਆਨਬਾਜ਼ੀ ਦੇ ਮੱਦੇਨਜ਼ਰ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਤੇ ਸਾਬਕਾ ਵਿਧਾਇਕ ਫ਼ਤਹਿ ਜੰਗ ਸਿੰਘ ਬਾਜਵਾ ਵਲੋਂ ਭਾਜਪਾ ਦਫ਼ਤਰ ਬਲਾਚੌਰ ਵਿਖੇ ਮਹਿਲਾ ਰਾਖਵਾਂਕਰਨ ਬਿੱਲ ਸਬੰਧੀ ਪੈੱ੍ਰਸ ਕਾਨਫ਼ਰੰਸ ਕੀਤੀ | ਇਸ ਮੌਕੇ ਫ਼ਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਮਹਿਲਾ ਰਾਖਵਾਂਕਰਨ ਬਿੱਲ, ਜਿਸ ਦੇ ਤਹਿਤ ਲੋਕ ਸਭਾ, ਰਾਜ ਸਭਾਵਾਂ ਅਤੇ ਵਿਧਾਨ ਸਭਾਵਾਂ ਵਿਚ ਮਹਿਲਾਵਾਂ ਲਈ 33 ਫ਼ੀਸਦੀ ਰਿਜ਼ਰਵੇਸ਼ਨ ਦਾ ਪ੍ਰਬੰਧ ਕੀਤਾ ਗਿਆ ਹੈ, ਭਾਰਤ ਦੀ ਲੋਕਤੰਤਰਿਕ ਇਤਿਹਾਸ ਵਿਚ ਇਕ ਇਤਿਹਾਸਕ ਕਦਮ ਹੈ | ਉਨ੍ਹਾਂ ਨੇ ਕਿਹਾ ਕਿ ਜੇ 33 ਫ਼ੀਸਦੀ ਰਿਜ਼ਰਵੇਸ਼ਨ ਲਾਗੂ ਹੁੰਦਾ ਹੈ ਤਾਂ ਲਗਪਗ ਹਰ ਤੀਜੀ ਸੀਟ 'ਤੇ ਮਹਿਲਾ ਪ੍ਰਤੀਨਿਧ ਹੋਵੇਗੀ | ਬਾਜਵਾ ਨੇ ਕਾਂਗਰਸ ਪਾਰਟੀ, ਆਮ ਆਦਮੀ ਪਾਰਟੀ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਇਸ ਬਿੱਲ ਦਾ ਵਿਰੋਧ ਕਰਨ 'ਤੇ ਕੜੀ ਨਿੰਦਾ ਕਰਦਿਆਂ ਕਿਹਾ ਕਿ ਇਹ ਪਾਰਟੀਆਂ ਸਾਲਾਂ ਤੋਂ ਮਹਿਲਾ ਸਸ਼ਕਤੀਕਰਨ ਦੀ ਗੱਲ ਕਰਦੀਆਂ ਰਹੀਆਂ ਹਨ, ਪਰ ਜਦੋਂ ਅਸਲ ਮੌਕਾ ਆਇਆ ਤਾਂ ਉਨ੍ਹਾਂ ਨੇ ਆਪਣੀ ਸੋਚ ਸਪਸ਼ਟ ਕਰ ਦਿੱਤੀ | ਉਨ੍ਹਾਂ ਨੇ ਕਿਹਾ ਕਿ 'ਇਹ ਮਹਿਲਾਵਾਂ ਨਾਲ ਨਿਆਂ ਨਹੀਂ, ਸਗੋਂ ਉਨ੍ਹਾਂ ਦੇ ਹੱਕਾਂ ਨਾਲ ਖਿਲਵਾੜ ਹੈ' | ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਐਡਵੋਕੇਟ ਰਾਜਵਿੰਦਰ ਸਿੰਘ ਲੱਕੀ ਨੇ ਕਿਹਾ ਕਿ ਮਹਿਲਾਵਾਂ ਦੇ ਵੋਟਾਂ ਦਾ ਪ੍ਰਤੀਸ਼ਤ ਲਗਪਗ 48 ਤੋਂ 49 ਫ਼ੀਸਦੀ ਹੈ, ਜੋ ਕਿ ਦੇਸ਼ ਦੀ ਅੱਧੀ ਆਬਾਦੀ ਨੂੰ ਦਰਸਾਉਂਦਾ ਹੈ, ਪਰ ਉਨ੍ਹਾਂ ਦੀ ਰਾਜਨੀਤਿਕ ਨੁਮਾਇੰਦਗੀ ਇਸ ਦੇ ਮੁਕਾਬਲੇ ਕਾਫ਼ੀ ਘੱਟ ਹੈ ਇਹ ਬਿੱਲ ਇਸ ਅਸਮਾਨਤਾ ਨੂੰ ਦੂਰ ਕਰਨ ਵੱਲ ਇਕ ਮਜ਼ਬੂਤ ਕਦਮ ਹੈ | ਅੰਤ ਵਿੱਚ ਦੋਵਾਂ ਆਗੂਆਂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਸਿਆਸੀ ਫ਼ਾਇਦੇ ਤੋਂ ਉੱਪਰ ਉੱਠ ਕੇ ਮਹਿਲਾਵਾਂ ਦੇ ਹਿੱਤ ਵਿੱਚ ਇਸ ਬਿੱਲ ਦਾ ਸਮਰਥਨ ਕਰਨ ਤੇ ਦੇਸ਼ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਐਸੀਆਂ ਨੀਤੀਆਂ ਦਾ ਸਮਰਥਨ ਕਰਨ ਜੋ ਸਮਾਨਤਾ ਅਤੇ ਨਿਆਂ ਨੂੰ ਮਜ਼ਬੂਤ ਕਰਦੀਆਂ ਹਨ | ਇਸ ਮੌਕੇ ਡਿੰਪਲ ਭਾਰਦਵਾਜ ਜ਼ਿਲ੍ਹਾ ਜਰਨਲ ਸਕੱਤਰ, ਸੰਤੋਸ਼ ਸ਼ਰਮਾ, ਸੰਜੀਵ ਭਾਰਦਵਾਜ ਸਾਬਕਾ ਜ਼ਿਲ੍ਹਾ ਪ੍ਰਧਾਨ, ਅਮਨ ਰਾਣਾ ਜ਼ਿਲ੍ਹਾ ਜਰਨਲ ਸਕੱਤਰ, ਪਰਵੀਨ ਪੁਰੀ ਸਰਕਲ ਪ੍ਰਧਾਨ ਭਾਜਪਾ ਬਲਾਚੌਰ, ਜਸਵੰਤ ਸਿੰਘ ਕੰਗਣਾ, ਐਡਵੋਕੇਟ ਦਿਨੇਸ਼ ਭਾਰਦਵਾਜ, ਡਾ. ਨਰੇਸ਼ ਰਾਵਲ, ਬਾਬਾ ਗੁਰਮੀਤ ਸਿੰਘ ਬਕਾਪੁਰ, ਮਨੋਹਰ ਲਾਲ ਅਨੰਦ, ਨਰਿੰਦਰ ਸੂਦਨ, ਕੀਮਤੀ ਲਾਲ ਮਝੋਟ ਆਦਿ ਹਾਜ਼ਰ ਸਨ |