ਕਟਾਰੀਆਂ, 24 ਅਪ੍ਰੈਲ (ਪ੍ਰੇਮੀ ਸੰਧਵਾਂ)-ਅਪ੍ਰੈਲ ਮਹੀਨੇ ਵਿਚ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦਾ ਬੁਰਾ ਹਾਲ ਕਰ ਦਿੱਤਾ ਹੈ | ਜਿਸ ਕਾਰਨ ਬੱਚੇ, ਬੁੱਢੇ ਅਤੇ ਮੰਜੇ 'ਤੇ ਪਏ ਮਰੀਜ ਮੱਛੀ ਵਾਂਗ ਤੜਫ ਰਹੇ ਹਨ, ਜਿਸ ਕਾਰਨ ਸਰਕਾਰ ਪ੍ਰਤੀ ਲੋਕਾਂ ਦਾ ਰੋਸ ਵੱਧਦਾ ਜਾ ਰਿਹਾ ਹੈ | ਇਹ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਫਰਿੰਦਰ ਹੀਰਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਕਿਹਾ ਸੀ ਕਿ ਲੋਕਾਂ ਨੂੰ ਗਰਮੀ ਦੇ ਸੀਜਨ ਵਿੱਚ ਨਿਰਵਿਘਨ ਬਿਜਲੀ ਦਿੱਤੀ ਜਾਵੇਗੀ | ਪਰ ਸਰਕਾਰ ਦੇ ਇਨ੍ਹਾਂ ਵਾਅਦਿਆਂ ਦੀ ਪੋਲ ਰਾਤ ਸਮੇਂ ਬਿਜਲੀ ਦੇ ਅਣ ਐਲਾਨੇ ਲੱਗਦੇ ਕੱਟਾਂ ਨੇ ਖੋਲ੍ਹ ਕੇ ਰੱਖ ਦਿੱਤੀ ਹੈ, ਜਿਸ ਕਾਰਨ ਬਿਜਲੀ ਕੱਟਾਂ ਦੇ ਸਤਾਏ ਲੋਕ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ 'ਚ ਚਲਦਾ ਕਰਨ ਦਾ ਮਨ ਬਣਾਈ ਬੈਠੇ ਹਨ, ਕਿਉਂਕਿ ਮਾਨ ਸਰਕਾਰ ਨੇ ਕਿਹਾ ਸੀ ਕਿ ਬਿਜਲੀ ਦੇ ਕੱਟ ਲੱਗਣੇ ਤਾਂ ਬਹੁਤ ਦੂਰ ਦੀ ਗੱਲ, ਬਿਜਲੀ ਮਾੜਾ ਮੋਟਾ ਹਿੱਲੇਗੀ ਵੀ ਨਹੀ | ਪਰ ਸਰਕਾਰ ਦੇ ਇਹ ਵਾਅਦੇ ਹਵਾ ਵਿੱਚ ਹੀ ਉਡਦੇ ਦਿਸ ਰਹੇ ਹਨ | ਕਾਂਗਰਸੀ ਆਗੂ ਫਰਿੰਦਰ ਹੀਰਾ, ਵਿੱਕੀ ਜੰਜੂਆ, ਮੱਖਦ ਰਾਮ, ਜਸਪਾਲ ਹੀਰਾ, ਚਮਨ ਲਾਲ ਮਹਿਮੀ, ਸੁਰਜੀਤ ਰਾਮ ਅਤੇ ਜਨਕ ਰਾਜ ਹੀਰਾ ਨੇ ਪੰਜਾਬ ਸਰਕਾਰ ਤੇ ਬਿਜਲੀ ਮਹਿਕਮੇ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਿਜਲੀ ਕੱਟਾਂ ਵਿੱਚ ਸੁਧਾਰ ਹੋਣ ਦੇ ਨਾਲ- ਨਾਲ ਜੇਕਰ ਲੋਕਾਂ ਨੂੰ ਗਰਮੀ ਦੇ ਸੀਜਨ ਵਿਚ ਬਿਜਲੀ ਦੀ ਨਿਰਵਿਘਨ ਸਪਲਾਈ ਨਾ ਦਿੱਤੀ ਤਾਂ ਉਹ ਕਿਸੇ ਵੇਲੇ ਵੀ ਚੱਕਾ ਜਾਮ ਕਰਨ ਨੂੰ ਮਜ਼ਬੂਰ ਹੋਣਗੇ | ਜਿਸ ਦੀ ਜ਼ਿੰਮੇਵਾਰੀ ਸਰਕਾਰ ਤੇ ਪ੍ਰਸ਼ਾਸ਼ਨ ਦੀ ਹੋਵੇਗੀ |