ਨਵਾਂਸ਼ਹਿਰ, 24 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਸਿਵਲ ਸਰਜਨ ਦਫ਼ਤਰ, ਸ਼ਹੀਦ ਭਗਤ ਸਿੰਘ ਨਗਰ ਵਿਖੇ ਰਾਸ਼ਟਰੀ ਬਾਲ ਸਵਾਸਥ ਕਾਰਜਕ੍ਰਮ ਅਧੀਨ ਮੋਬਾਈਲ ਹੈਲਥ ਟੀਮਾਂ ਲਈ ਬੱਚਿਆਂ ਦੀਆਂ ਅੱਖਾਂ ਦੀ ਸਕ੍ਰੀਨਿੰਗ ਲਈ ਹੈਂਡਹੈਲਡ ਆਟੋ ਰਿਫਰੈਕਟੋਮੀਟਰ ਦੀ ਵਰਤੋਂ ਕਰਨ ਸਬੰਧੀ ਵਿਸ਼ੇਸ਼ ਟ੍ਰੇਨਿੰਗ ਕਰਵਾਈ ਗਈ | ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਉਦਘਾਟਨੀ ਸੰਬੋਧਨ ਵਿੱਚ ਦੱਸਿਆ ਕਿ ਬੱਚਿਆਂ ਵਿਚ ਕੰਮਜ਼ੋਰ ਨਜ਼ਰ ਪੜ੍ਹਾਈ ਵਿਚ ਆਉਣ ਵਾਲੀਆਂ ਦਿੱਕਤਾਂ ਦਾ ਇਕ ਮੁੱਖ ਕਾਰਨ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਕੂਲਾਂ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਦੀ ਸਮੇਂ-ਸਿਰ ਸਕ੍ਰੀਨਿੰਗ ਕਰਕੇ ਕੰਮਜ਼ੋਰ ਨਜ਼ਰ ਵਾਲੇ ਬੱਚਿਆਂ ਦੀ ਪਛਾਣ ਕੀਤੀ ਜਾਂਦੀ ਹੈ, ਤਾਂ ਜੋ ਉਨ੍ਹਾਂ ਨੂੰ ਉਚਿਤ ਸਹਾਇਤਾ ਪ੍ਰਦਾਨ ਕੀਤੀ ਜਾ ਸਕੇ | ਉਹਨਾਂ ਦੱਸਿਆ ਕਿ ਆਯੂਰਵੈਦਿਕ ਮੈਡੀਕਲ ਅਫਸਰਾਂ ਨੂੰ ਹੈਂਡਹੈਲਡ ਆਟੋ ਰਿਫਰੈਕਟੋਮੀਟਰ ਰਾਹੀਂ ਅੱਖਾਂ ਦੀ ਮੁੱਢਲੀ ਜਾਂਚ ਕਰਨ ਲਈ ਸਿਖਲਾਈ ਦਿੱਤੀ ਗਈ ਹੈ, ਜਿਨ੍ਹਾਂ ਬੱਚਿਆਂ ਵਿਚ ਨਜ਼ਰ ਦੀ ਕੰਮਜ਼ੋਰੀ ਦੇ ਲੱਛਣ ਪਾਏ ਜਾਣਗੇ, ਉਨ੍ਹਾਂ ਨੂੰ ਅੱਗੇ ਮਾਹਿਰ ਡਾਕਟਰਾਂ ਕੋਲ ਵਿਸਥਾਰਪੂਰਵਕ ਜਾਂਚ ਲਈ ਰੈਫਰ ਕੀਤਾ ਜਾਵੇਗਾ | ਇਸ ਮੌਕੇ ਸਿਹਤ ਵਿਭਾਗ ਪੰਜਾਬ ਦੀ ਕੰਸਲਟੈਂਟ ਓਪਟੋਮੈਟਰਿਸਟ ਰਬਦੀਪ ਕੌਰ ਵਲੋਂ ਭਾਗੀਦਾਰਾਂ ਨੂੰ ਪ੍ਰੈਕਟੀਕਲ ਡੈਮੋ ਤੇ ਹੈਂਡਸ-ਆਨ ਟ੍ਰੇਨਿੰਗ ਮੁਹੱਈਆ ਕਰਵਾਈ ਗਈ | ਉਨ੍ਹਾਂ ਦੱਸਿਆ ਕਿ ਹੈਂਡਹੈਲਡ ਆਟੋ ਰਿਫਰੈਕਟੋਮੀਟਰ ਇੱਕ ਆਧੁਨਿਕ ਉਪਕਰਣ ਹੈ, ਜਿਸ ਰਾਹੀਂ ਅੱਖਾਂ ਦੀ ਰਿਫਰੈਕਟਿਵ ਏਰਰ ਦੀ ਤੇਜ਼ ਅਤੇ ਸਹੀ ਮਾਪ ਕੀਤੀ ਜਾ ਸਕਦੀ ਹੈ ਅਤੇ ਹਰ ਅੱਖ ਦੀ ਜਾਂਚ ਕੁੱਝ ਸੈਕਿੰਡਾਂ ਵਿੱਚ ਸੰਭਵ ਹੈ | ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰੀਸ਼ ਕਿਰਪਾਲ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਟ੍ਰੇਨਿੰਗ ਗਤੀਵਿਧੀਆਂ ਨਾਲ ਆਰ. ਬੀ. ਐੱਸ. ਕੇ. ਟੀਮਾਂ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ ਅਤੇ ਸਕੂਲੀ ਅਤੇ ਆਂਗਣਵਾੜੀ ਸੈਂਟਰਾਂ ਵਿੱਚ ਦਰਜ ਬੱਚਿਆਂ ਨੂੰ ਗੁਣਵੱਤਾ-ਪੂਰਨ ਅੱਖਾਂ ਦੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿਚ ਮਦਦ ਮਿਲੇਗੀ |