ਲੁਧਿਆਣਾ, 24 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)- ਮਹਾਂਨਗਰ ਦੇ ਸਮਰਾਲਾ ਚੌਕ ਨੇੜੇ ਸੜਕ ਦੇ ਕੰਢੇ ਖੁੱਲ੍ਹੇ ਸੀਵਰੇਜ ਨੇ ਵੱਡੇ ਹਾਦਸੇ ਦਾ ਰੂਪ ਲੈ ਲਿਆ, ਜਦੋਂ ਇਕ ਬੱਚਾ ਖੇਡਦਿਆਂ ਅਚਾਨਕ ਉਸ ਵਿਚ ਡਿਗ ਗਿਆ | ਖ਼ੁਸ਼ਕਿਸਮਤੀ ਨਾਲ ਮੌਕੇ 'ਤੇ ਮੌਜੂਦ ਲੋਕਾਂ ਦੀ ਸਾਵਧਾਨੀ ਅਤੇ ਤੁਰੰਤ ਕਾਰਵਾਈ ਨਾਲ ਬੱਚੇ ਨੰੂ ਸੁਰੱਖਿਅਤ ਬਾਹਰ ਕੱਢ ਲਿਆ ਗਿਆ | ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਬੱਚਾ ਆਪਣੇ ਸਾਥੀਆਂ ਨਾਲ ਸੜਕ 'ਤੇ ਖੇਡ ਰਿਹਾ ਸੀ ਕਿ ਅਚਾਨਕ ਉਸਦਾ ਪੈਰ ਫਿਸਲ ਗਿਆ ਅਤੇ ਉਹ ਖੁੱਲ੍ਹੇ ਸੀਵਰੇਜ ਵਿਚ ਜਾ ਡਿੱਗਿਆ | ਲੋਕਾਂ ਨੇ ਬਿਨਾਂ ਦੇਰੀ ਕੀਤੇ, ਉਸ ਨੰੂ ਬਾਹਰ ਕੱਢ ਲਿਆ, ਜਿਸ ਨਾਲ ਵੱਡਾ ਹਾਦਸਾ ਟੱਲ ਗਿਆ | ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਸੀਵਰੇਜ 'ਤੇ ਕਈ ਦਿਨਾਂ ਤੋਂ ਢੱਕਣ ਨਹੀਂ ਸੀ, ਜਿਸ ਬਾਰੇ ਨਗਰ ਨਿਗਮ ਨੰੂ ਜਾਣਕਾਰੀ ਦਿੱਤੀ ਗਈ ਸੀ, ਪਰ ਇਸ ਮਾਮਲੇ ਚ ਕੋਈ ਕਾਰਵਾਈ ਨਹੀਂ ਕੀਤੀ ਗਈ | ਲੋਕਾਂ ਨੇ ਦੋਸ਼ ਲਗਾਇਆ ਕਿ ਨਿਗਮ ਦੀ ਲਾਪਰਵਾਹੀ ਕਾਰਨ ਅੱਜ ਇਹ ਘਟਨਾ ਵਾਪਰੀ | ਇਲਾਕੇ ਦੇ ਨਿਵਾਸੀਆਂ ਨੇ ਮੰਗ ਕੀਤੀ ਹੈ ਕਿ ਤੁਰੰਤ ਇਸ ਸੀਵਰੇਜ ਤੇ ਢੱਕਣ ਲਗਾਇਆ ਜਾਵੇ ਅਤੇ ਅਜਿਹੇ ਖੁੱਲ੍ਹੇ ਮੈਨਹੋਲਾਂ ਦੀ ਜਾਂਚ ਕਰਕੇ ਉਨ੍ਹਾਂ ਨੰੂ ਸੁਰੱਖਿਅਤ ਕੀਤਾ ਜਾਵੇ, ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ |