ਲੁਧਿਆਣਾ, 24 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)-ਜਾਇਦਾਦ ਦੇ ਮਾਮਲੇ ਵਿਚ ਕਾਰੋਬਾਰੀ ਨਾਲ ਤਿੰਨ ਕਰੋੜ ਦੀ ਧੋਖਾਧੜੀ ਕਰਨ ਵਾਲੇ ਕੰਪਨੀ ਮਾਲਕ ਖ਼ਿਲਾਫ਼ ਪੁਲਿਸ ਨੇ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਫਾਈਨ ਵੇ ਕੰਪਨੀ ਦੇ ਮਾਲਕ ਮਨਜੋਤ ਸਿੰਘ ਮਾਨ ਵਾਸੀ ਜਵੱਦੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਪੁਲਿਸ ਨੇ ਵਿਪੁਲ ਲਿਮਟਿਡ ਕੰਪਨੀ ਦੇ ਮੁੱਖ ਪ੍ਰਬੰਧਕ ਪੁਨੀਤ ਬੋਰੀਵਾਲਾ ਵਾਸੀ ਦਿੱਲੀ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਉਕਤ ਕਥਿਤ ਦੋਸ਼ੀ ਨਾਲ ਜ਼ਮੀਨ ਦਾ ਸੌਦਾ ਕੀਤਾ ਸੀ, ਇਸ ਲਈ ਉਸ ਨੂੰ ਤਿੰਨ ਕਰੋੜ ਰੁਪਏ ਦਿੱਤੇ ਸਨ, ਪਰ ਬਾਅਦ ਵਿਚ ਕਥਿਤ ਦੋਸ਼ੀ ਰਜਿਸਟਰੀ ਕਰਾਉਣ ਤੋਂ ਮੁੱਕਰ ਗਿਆ ਅਤੇ ਨਾ ਹੀ ਉਸ ਨੇ ਇਸ ਦੇ ਪੈਸੇ ਵਾਪਸ ਕੀਤੇ, ਜਿਸ 'ਤੇ ਸ਼ਿਕਾਇਤਕਰਤਾ ਨੇ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫ਼ਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ |