ਮਜਾਰੀ ਸਾਹਿਬਾ, 24 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਖੇਤੀਬਾੜੀ ਵਿਭਾਗ ਸੜੋਆ ਵਲੋਂ ਡਾ. ਲੇਖ ਰਾਜ ਮੁੱਖ ਖੇਤੀਬਾੜੀ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਨੀਤਨ ਖੇਤੀਬਾੜੀ ਅਫ਼ਸਰ ਸੜੋਆ ਦੀ ਯੋਗ ਅਗਵਾਈ ਹੇਠ ਪਿੰਡ ਸਜਾਵਲਪੁਰ ਵਿਖੇ ਫਸਲਾਂ ਦੀ ਰਹਿੰਦ ਖੁੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ | ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਡਾ. ਨੀਤਨ ਖੇਤੀਬਾੜੀ ਅਫ਼ਸਰ ਬਲਾਚੌਰ ਦੱਸਿਆ ਕਿ ਕੌਮੀ ਗ੍ਰੀਨ ਟ੍ਰੀਬਿਊਨਲ ਵਲੋਂ ਵਾਤਾਵਰਣ ਤੇ ਮਾਨਵੀ ਸਿਹਤ ਨੂੰ ਖੇਤਾਂ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਸਾੜਨ ਨਾਲ ਹੁੰਦੇ ਨੁਕਸਾਨ ਉੱਤੇ ਡੂੰਘੀ ਚਿੰਤਾ ਪ੍ਰਗਟਾਈ ਗਈ ਹੈ | ਇਸ ਕਰਕੇ ਇਸ ਸੰਸਥਾ ਵਲੋਂ ਖੇਤਾਂ ਵਿੱਚ ਕਣਕ ਦੇ ਨਾੜ ਸਾੜਨ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ | ਸੁਰਿੰਦਰ ਪਾਲ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ ਸੜੋਆ ਨੇ ਕਣਕ ਦੇ ਨਾੜ ਨੂੰ ਸੰਭਾਲਣ ਸਬੰਧੀ ਵਿਚਾਰ ਸਾਂਝੇ ਕੀਤੇ | ਵਰਿੰਦਰਪਾਲ ਖੇਤੀਬਾੜੀ ਵਿਸਥਾਰ ਅਫਸਰ ਸੜੋਆ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜੋ ਕਿਸਾਨ ਭਰਾ ਖੇਤੀਬਾੜੀ ਮਹਿਕਮੇ ਵਲੋਂ ਕਿਸੇ ਵੀ ਤਰਾਂ ਦੀ ਸਰਕਾਰੀ ਸਕੀਮ ਦਾ ਲਾਭ ਲੈਣਾ ਚਾਹੁੰਦਾ ਹੈ ਉਹ ਆਪਣੀ ਕਿਸਾਨ ਆਈ. ਡੀ ਜਰੂਰ ਬਣਾਉਣ | ਇਸ ਮੌਕੇ ਕਿਸਾਨ ਸਰਬਜੀਤ ਸਿੰਘ, ਸੁਰਿੰਦਰ ਸਿੰਘ, ਜਸਵੀਰ ਸਿੰਘ, ਮਹਿੰਦਰ ਕੋਰ, ਜਸਵੀਰ ਕੋਰ, ਕੁਲਦੀਪ ਸਿੰਘ, ਬਲਵੀਰ ਸਿੰਘ ਆਦਿ ਕਿਸਾਨ ਹਾਜਰ ਸਨ |