ਬਲਾਚੌਰ, 27 ਅਪ੍ਰੈਲ (ਨਰੇਸ਼ ਧੌਲ)-ਭੱਦੀ, ਆਦੋਆਣਾ, ਰੱਤੇਵਾਲ ਨੂੰ ਜਾਣ ਵਾਲੀ ਸੜਕ 'ਤੇ ਇਕ ਸਾਈਡ ਪਿਆ ਵੱਡਾ ਖੱਡਾ ਕਿਸੇ ਨਾ ਕਿਸੇ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ | ਇਲਾਕਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਸੜਕ ਦੇ ਕਿਨਾਰੇ ਇਹ ਵੱਡਾ ਖੱਡਾ ਪਿਆ ਹੋਇਆ ਹੈ, ਜੋ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ | ਉਨ੍ਹਾਂ ਦੱਸਿਆ ਕਿ ਧਾਮ ਰੱਤੇਵਾਲ ਵਿਖੇ ਕਰਵਾਏ ਜਾ ਰਹੇ ਸਮਾਗਮ ਕਾਰਨ ਇਸ ਸੜਕ ਉੱਤੇ ਸੰਗਤਾਂ ਦਾ ਬਹੁਤ ਗਿਣਤੀ ਵਿੱਚ ਆਉਣਾ-ਜਾਣਾ ਰੋਜ਼ਾਨਾ ਹੀ ਬਣਿਆ ਹੋਇਆ ਹੈ | ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਤੋਂ ਪਹਿਲਾਂ ਕਿ ਇਸ ਖੱਡੇ ਕਾਰਨ ਕੋਈ ਵੱਡਾ ਹਾਦਸਾ ਵਾਪਰੇ ਇਸ ਦੀ ਪਹਿਲ ਦੇ ਆਧਾਰ 'ਤੇ ਮੁਰੰਮਤ ਕਰਵਾਈ ਜਾਵੇ |