ਨਵਾਂਸ਼ਹਿਰ, 1 ਮਈ (ਦੀਦਾਰ ਸਿੰਘ ਸ਼ੇਤਰਾ) - ਪੂਰੀ ਦੁਨੀਆਂ ਦੇ ਮਜ਼ਦੂਰ ਮੁਲਾਜ਼ਮ ਕਿਰਤੀ ਲੋਕ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ 'ਚ ਮਜ਼ਦੂਰ ਦਿਵਸ ਮਨਾ ਕੇ ਉਹਨਾਂ ਦੀ ਕੁਰਬਾਨੀ ਨੂੰ ਸਿਜਦਾ ਕਰ ਰਹੇ ਹਨ | ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਵੀ ਆਪਣੇ ਮੁਲਾਜ਼ਮਾਂ ਨੂੰ ਪਹਿਲੀ ਮਈ ਮਜ਼ਦੂਰ ਦਿਵਸ ਦੀ ਛੁੱਟੀ ਕੀਤੀ ਗਈ ਹੈ | ਪਰ ਇਹਨਾਂ ਸਰਕਾਰੀ ਹੁਕਮਾਂ ਦੇ ਉਲਟ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਨਗਣਨਾ ਦੇ ਕੰਮ 'ਤੇ ਲੱਗੇ ਮੁਲਾਜ਼ਮਾਂ ਨੂੰ ਛੁੱਟੀ ਹੋਣ ਦੇ ਬਾਵਜੂਦ ਵੀ, ਟ੍ਰੇਨਿੰਗ ਸੈਂਟਰਾਂ ਵਿੱਚ ਟ੍ਰੇਨਿੰਗ ਦੇਣ ਲਈ ਸੱਦਿਆ ਗਿਆ, ਜੋ ਕਿ ਮਜ਼ਦੂਰ ਦਿਵਸ ਦੀ ਤੌਹੀਨ ਹੈ ਅਤੇ ਮੰਦ ਭਾਗਾ ਹੈ | ਪ੍ਰਸ਼ਾਸਨ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ | ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡੈਮੋਕਰੈਟਿਕ ਟੀਚਰਜ਼ ਫਰੰਟ ਜ਼ਿਲ੍ਹਾ ਨਵਾਂਸ਼ਹਿਰ ਦੇ ਪ੍ਰਧਾਨ ਜਸਵਿੰਦਰ ਸਿੰਘ ਔਜਲਾ, ਪ੍ਰੈਸ ਸਕੱਤਰ ਚੰਦਰ ਸ਼ੇਖਰ ਔਲੀਆਪੁਰ, ਮੀਤ ਪ੍ਰਧਾਨ ਅਜੇ ਚਾਹੜ ਮਜਾਰਾ, ਸਤਨਾਮ ਸਿੰਘ, ਬਲਵੀਰ ਰੱਕੜ, ਭੁਪਿੰਦਰ ਸੜੋਆ, ਜਗਦੀਪ ਸੈਂਪਲੇ, ਮਨੋਹਰ ਲਾਲ, ਜਸਪਾਲ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਜਨਗਣਨਾ ਸਟਾਫ ਨੂੰ ਕੋਈ ਛੁੱਟੀ ਨਹੀਂ ਕੀਤੀ ਗਈ | ਮੁਲਾਜ਼ਮ ਜੋ ਕਿ ਕਿਰਤੀ ਵਰਗ ਵਿੱਚ ਆਉਂਦਾ ਹੈ, ਨੂੰ ਇਹ ਦਿਵਸ ਮਨਾਉਣ ਤੋਂ ਵਾਂਝਿਆ ਰੱਖਿਆ ਗਿਆ | ਉਹਨਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ 44 ਲੇਬਰ ਕਾਨੂੰਨਾਂ ਨੂੰ ਖਤਮ ਕਰਕੇ ਚਾਰ ਕੋਡ ਲਿਆ ਕੇ ਦਿਹਾੜੀ ਅੱਠ ਘੰਟੇ ਤੋਂ ਵਧਾ ਕੇ 12 ਘੰਟੇ ਕਰ ਰਹੀ ਹੈ, ਇਸ ਮੌਕੇ ਮਜਦੂਰ ਵਰਗ ਅੱਗੇ ਬਹੁਤ ਸਾਰੀਆਂ ਚੁਣੌਤੀਆਂ ਹਨ | ਇਸ ਸਮੇਂ ਮਈ ਦਿਵਸ ਦੀ ਹੋਰ ਵੀ ਮਹੱਤਤਾ ਵੱਧ ਗਈ ਹੈ | ਡੀ.ਟੀ.ਐਫ਼ ਆਗੂਆਂ ਨੇ ਮੁਲਾਜ਼ਮਾਂ ਮਜ਼ਦੂਰਾਂ ਨੂੰ ਜਥੇਬੰਦ ਹੋ ਕੇ ਮੁਲਾਜ਼ਮ ਮਜ਼ਦੂਰ ਵਿਰੋਧੀ ਨੀਤੀਆਂ ਦਾ ਡੱਟ ਕੇ ਮੁਕਾਬਲਾ ਕਰਨਾ ਹੋਵੇਗਾ |