ਔੜ, 3 ਮਈ (ਗੁਰਨਾਮ ਸਿੰਘ ਸੈਣੀ)-ਦੋਆਬਾ ਕਿਸਾਨ ਯੂਨੀਅਨ ਪੰਜਾਬ ਦੀ ਇਕ ਜ਼ਰੂਰੀ ਮੀਟਿੰਗ ਸੂਬਾ ਪ੍ਰਧਾਨ ਕੁਲਦੀਪ ਸਿੰਘ ਬਜੀਦਪੁਰ ਦੀ ਪ੍ਰਧਾਨਗੀ ਹੇਠ ਪਿੰਡ ਬਜੀਦਪੁਰ ਵਿਖੇ ਹੋਈ | ਮੀਟਿੰਗ ਵਿਚ ਯੂਨੀਅਨ ਦੇ ਅਹੁਦੇਦਾਰ, ਇਲਾਕੇ ਦੇ ਗੰਨਾ ਕਾਸ਼ਤਕਾਰ ਪਿੰਡਾ ਦੇ ਸਰਪੰਚਾਂ ਤੇ ਨੰਬਰਦਾਰਾਂ ਨੇ ਭਾਰੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਮੀਟਿੰਗ ਤੋਂ ਉਪਰੰਤ ਸੂਬਾ ਪ੍ਰਧਾਨ ਕੁਲਦੀਪ ਸਿੰਘ ਬਜੀਦਪੁਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੀ ਮੌਜੂਦਾ ਸਰਕਾਰ ਸ਼ੂਗਰ ਮਿੱਲ ਨਵਾਂਸ਼ਹਿਰ ਨੂੰ ਇੱਥੋਂ ਪੁੱਟ ਕੇ ਕਿਸੇ ਹੋਰ ਜ਼ਿਲੇ੍ਹ ਵਿਚ ਲਗਾਉਣ ਦੀ ਜੋ ਸਾਜ਼ਿਸ਼ਾਂ ਚੱਲ ਰਹੀ ਹੈ ਉਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਉਨ੍ਹਾਂ ਅੱਗੇ ਕਿਹਾ ਕਿ ਇਸ ਦਾ ਮੁੱਖ ਕਾਰਨ ਮਿੱਲ ਦਾ ਪਿਛਲੇ ਸੀਜ਼ਨ ਵਿਚ ਲੇਟ ਚੱਲਣਾ, ਪੂਰਾ ਸੀਜ਼ਨ ਬਿਜਲੀ ਪਲਾਂਟ ਦਾ ਕੁਨੈਕਸ਼ਨ ਬਿਜਲੀ ਵਿਭਾਗ ਵਲੋਂ ਨਾ ਜੋੜਨਾ ਤੇ ਵਾਰ-ਵਾਰ ਮਿੱਲ ਨੂੰ ਬੰਦ ਕਰਕੇ ਮਿੱਲ ਦੀ ਆਰਥਿਕ ਸਥਿਤੀ ਨੂੰ ਇੰਨਾ ਕਮਜ਼ੋਰ ਕਰਨਾ ਤਾਂ ਜੋ ਕਿਸਾਨ ਗੰਨਾ ਨਾ ਬੀਜਣ ਲਈ ਮਜਬੂਰ ਹੋ ਸਕਣ | ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ ਇਕ ਹੀ ਸ਼ੂਗਰ ਮਿੱਲ ਹੈ ਜੋ ਬੜੀ ਹੀ ਕੀਮਤੀ ਜਗ੍ਹਾ 'ਤੇ ਚੱਲ ਰਹੀ ਹੈ, ਜਿਸ ਦਾ ਇਸ ਜ਼ਿਲੇ੍ਹ ਤੇ ਆਸ-ਪਾਸ ਦੇ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਵਿਚ ਬੜੀ ਹੀ ਸੌਖ ਹੈ ਪਰ ਪੁਰਾਣੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਨੂੰ ਇਹ ਮਿੱਲ ਬਹੁਤ ਹੀ ਰੜਕਦੀ ਹੈ ਜਿਸ ਨੂੰ ਪੱਟ ਕੇ ਇੱਥੋਂ ਦੀ ਜ਼ਮੀਨ ਵੇਚ ਕੇ ਜਗਰਾਵਾਂ ਮਿਲ ਵਾਂਗ ਪਲਾਟ ਕੱਟਣ ਲਈ ਭੂ-ਮਾਫ਼ੀਆ ਦੀ ਸਾਜ਼ਿਸ਼ ਚੱਲ ਰਹੀ ਹੈ, ਜਿਸ ਨੂੰ ਦੋਆਬਾ ਕਿਸਾਨ ਯੂਨੀਅਨ ਪੰਜਾਬ ਤੇ ਹੋਰ ਸਮੂਹ ਭਰਾਤਰੀ ਜਥੇਬੰਦੀਆਂ, ਸਮੂਹ ਗੰਨਾ ਕਾਸ਼ਤਕਾਰ ਇਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ | ਇਸ ਮਿੱਲ ਨੂੰ ਬਚਾਉਣ ਦੇ ਲਈ ਦੋਆਬਾ ਕਿਸਾਨ ਯੂਨੀਅਨ ਪੰਜਾਬ ਤੇ ਪੰਜਾਬ ਦੀਆਂ ਹੋਰ ਭਰਾਤਰੀ ਜਥੇਬੰਦੀਆਂ ਮਿਲ ਕੇ ਇਸ ਦਾ ਸਖ਼ਤ ਵਿਰੋਧ ਕਰਦੀਆਂ ਹਨ | ਜੇਕਰ ਸਰਕਾਰ ਨੇ ਫਿਰ ਵੀ ਮਨ ਮਰਜ਼ੀ ਕੀਤੀ, ਇਸ ਨੂੰ ਪੁੱਟ ਕੇ ਕਿਸੇ ਹੋਰ ਜ਼ਿਲੇ੍ਹ ਵਿਚ ਲਾਇਆ ਤਾਂ ਇਸ ਲਈ ਲੰਬਾ ਸੰਘਰਸ਼ ਵਿੱਢਿਆ ਜਾਵੇਗਾ | ਇਸ ਮੌਕੇ ਕੁਲਦੀਪ ਸਿੰਘ ਬਜੀਦਪੁਰ, ਕੁਲਵੀਰ ਸਿੰਘ, ਹਰਦੀਪ ਸਿੰਘ, ਕੁਲਵਿੰਦਰ ਸਿੰਘ, ਲਖਵੀਰ ਸਿੰਘ ਫਾਬੜਾ, ਜਸਕਰਨ ਸਿੰਘ, ਗੁਰਮੀਤ ਸਿੰਘ, ਅਮਰਜੀਤ ਸਿੰਘ, ਜਤਿੰਦਰ ਸਿੰਘ, ਜਰਨੈਲ ਸਿੰਘ ਖ਼ੁਰਦ, ਰਣਜੀਤ ਸਿੰਘ ਹਿਆਲਾ, ਸੋਨੂੰ ਘਟਾਰੋਂ ਜ਼ਿਲ੍ਹਾ ਪ੍ਰਧਾਨ, ਜਥੇਬੰਦੀ ਦੇ ਸਮੂਹ ਅਹੁਦੇਦਾਰ, ਇਲਾਕੇ ਦੇ ਸਰਪੰਚ ਤੇ ਨੰਬਰਦਾਰ ਭਾਰੀ ਗਿਣਤੀ ਵਿਚ ਮੌਜੂਦ ਸਨ |
ਸ਼ੂਗਰ ਮਿੱਲ ਬੰਦ ਕਰਨ ਦੀਆਂ ਸਾਡਿਸ਼ਾਂ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ-ਬਜੀਦਪੁਰ
ਅਜੀਤ ਡੈਸਕ
04-05-2026