ਟੱਪਰੀਆਂ ਖੁਰਦ, 4 ਮਈ (ਬੂਥਗੜ੍ਹੀਆ)-ਪੋਜੇਵਾਲ ਧਾਮ ਵਿਖੇ ਗਊਆਂ ਵਾਲੇ ਸਤਿਗੁਰੂ ਬ੍ਰਹਮਾਨੰਦ ਭੂਰੀਵਾਲੇ ਮਹਾਰਾਜ ਦੇ ਨਿਰਵਾਣ ਦਿਵਸ ਮੌਕੇ ਗੱਦੀ ਨਸ਼ੀਨ ਵੇਦਾਂਤ ਅਚਾਰੀਆ ਚੇਤਨਾ ਨੰਦ ਜੀ ਮਹਾਰਾਜ ਪਾਸੋਂ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਦੇ ਪਰਿਵਾਰਕ ਮੈਂਬਰ ਸਮਾਜ ਸੇਵੀ 'ਆਪ' ਆਗੂ ਅਸ਼ੋਕ ਕਟਾਰੀਆ ਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਦੇ ਵਲੋਂ ਆਸ਼ੀਰਵਾਦ ਪ੍ਰਾਪਤ ਕੀਤਾ | ਸਮਾਗਮ ਦੌਰਾਨ ਅਸ਼ੋਕ ਕਟਾਰੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬ੍ਰਹਮਾਨੰਦ ਉਹ ਸੰਤ ਮਹਾਂਪੁਰਸ਼ ਸਨ, ਜਿਨ੍ਹਾਂ ਨੇ ਕੰਢੀ ਬੀਤ ਦੂਣੀ ਹਿਮਾਚਲ ਦੇ ਪਿਛੜੇ ਖੇਤਰਾਂ 'ਚ ਜੰਗਲ ਤੇ ਮੰਗਲ ਲਗਾ ਕੇ ਲੋਕਾਂ ਨੂੰ ਗੁਰੂ ਮਹਾਰਾਜ ਦੇ ਨਾਲ ਜੋੜਿਆ ਹੈ | ਉਨ੍ਹਾਂ ਕਿਹਾ ਕਿ ਭੂਰੀਵਾਲੇ ਗੁਰਗੱਦੀ ਪ੍ਰੰਪਰਾਂ ਸਮਾਜ ਦੇ ਅੰਦਰ ਜੋ ਵੀ ਲੋਕ ਸੇਵਾ ਸਮਾਜ ਭਲਾਈ ਸੇਵਾ ਦੇ ਕਾਰਜਾਂ ਨੂੰ ਕਰ ਰਹੀ ਹੈ ਉਹ ਸੇਵਾ ਸਰਕਾਰਾਂ ਵੀ ਨਹੀਂ ਕਰ ਸਕਦੀਆਂ ਚਾਹੇ ਪੀ. ਜੀ. ਆਈ. ਰੋਜ਼ਾਨਾ ਦੇਸੀ ਘਿਓ ਦਾ ਲੰਗਰ ਜਾਂ ਲੋਕਾਂ ਨੂੰ ਸਿਹਤ ਸੁਵਿਧਾ ਦੇ ਲਈ ਪੀ. ਜੀ. ਆਈ. ਰੋਜ਼ਾਨਾ ਮੁਫ਼ਤ ਬੱਸ ਭੇਜਣਾ ਸਭ ਤੋਂ ਵੱਡਾ ਕਾਰਜ ਹੈ | ਉਨ੍ਹਾਂ ਕਿਹਾ ਕਿ ਮਹਾਰਾਜ ਬ੍ਰਹਮਾ ਨੰਦ ਜੀ ਗਊਆਂ ਵਾਲਿਆਂ ਨੇ ਗਊ ਗਰੀਬ ਤੇ ਕੰਨਿਆ ਦੀ ਸੇਵਾ ਦੇ ਲਈ ਸੰਗਤਾਂ ਨੂੰ ਹਮੇਸ਼ਾ ਪ੍ਰੇਰਿਤ ਕੀਤਾ ਹੈ | ਕਟਾਰੀਆ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵੀ ਸਮਾਗਮ ਦੇ ਮੌਕੇ ਸ਼ਿਰਕਤ ਕਰਨੀ ਸੀ ਪਰ ਪੰਜਾਬ ਵਿਧਾਨ ਦੇ ਅਚਾਨਕ ਰੱਖੇ ਸ਼ੈਸਨ ਦੇ ਕਾਰਨ ਉਹ ਨਹੀਂ ਪਹੁੰਚ ਸਕੇ ਉਨ੍ਹਾਂ ਵਲੋਂ ਤੇ ਸਮੁੱਚੀ ਪੰਜਾਬ ਦੀ ਕੈਬਨਿਟ ਵਲੋਂ ਮਹਾਰਾਜ ਬ੍ਰਹਮਾ ਨੰਦ ਜੀ ਭੂਰੀਵਾਲਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |