ਬੰਗਾ, 6 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸਰਕਾਰੀ ਹਾਈ ਸਕੂਲ ਪਠਲਾਵਾ-ਮੋਰਾਂਵਾਲੀ ਵਿਖੇ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ 'ਚੋਂ ਮੁਕਾਬਲੇ ਦੀ ਭਾਵਨਾਂ ਪੈਦਾ ਕਰਨ ਹਿੱਤ ਜਸਵੀਰ ਸਿੰਘ ਘੋਲੀ ਮੋਰਾਂਵਾਲੀ ਹਾਲ ਵਾਸੀ ਸੰਯੁਕਤ ਰਾਜ ਅਮਰੀਕਾ ਵਲੋਂ ਦਸਵੀਂ ਜਮਾਤ ਵਿਚੋਂ ਪਹਿਲੇ, ਦੂਜੇ ਅਤੇ ਤੀਜੇ ਨੰਬਰ 'ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਐਲਾਨੀ ਪੰਜਾਹ ਹਜ਼ਾਰ ਰੁਪਏ ਦੀ ਰਾਸ਼ੀ ਨਾਲ ਇਸ ਦੇ ਯੋਗ ਵਿਦਿਆਰਥੀਆਂ ਵਿਚ ਵੰਡਣ ਹਿੱਤ ਸਕੂਲ ਵਿਚ ਇੱਕ ਸੰਖੇਪ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਸਕੂਲ ਦੀ ਹੈੱਡ ਮਿਸਟਰੈਸ ਸੀਮਾ, ਕਮਲਜੀਤ ਸਿੰਘ ਮੋਰਾਂਵਾਲੀ, ਜਸਵੀਰ ਸਿੰਘ ਘੋਲੀ ਦੇ ਭਰਾਤਾ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਅਮਨਦੀਪ ਸਿੰਘ ਰਾਏ ਸਰਪੰਚ ਮੋਰਾਂਵਾਲੀ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ | ਸਮਾਗਮ ਦੀ ਸ਼ੁਰੂਆਤ ਕਰਦਿਆਂ ਅਮਰੀਕ ਸਿੰਘ ਕੰਪਿਊਟਰ ਫੈਕਲਟੀ ਨੇ ਸਮਾਗਮ ਵਿਚ ਪੁਹੰਚੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ | ਇਸ ਤੋਂ ਬਾਅਦ ਸੰਦੀਪ ਕੁਮਾਰ ਗੌੜ ਪੋਸੀ ਨੇ ਸਮਾਗਮ ਤੋਂ ਜਾਣੂ ਕਰਵਾਉਂਦਿਆਂ ਆਖਿਆ ਕਿ ਜਸਵੀਰ ਸਿੰਘ ਘੋਲੀ ਵਲੋਂ ਹਰ ਸਾਲ ਦਸਵੀਂ ਦੀ ਪ੍ਰੀਖਿਆ ਵਿਚੋਂ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ , ਪੱਚੀ, ਪੰਦਰਾਂ ਅਤੇ ਦਸ ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਤੇ ਇਹ ਸ਼ੁੱਭ ਸ਼ੁਰੂਆਤ ਉਹਨਾਂ ਵਲੋਂ 2006 ਵਿਚ ਕਰ ਦਿੱਤੀ ਸੀ | ਇਸ ਅਵਸਰ 'ਤੇ ਬੋਲਦਿਆਂ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਮੁੱਖ ਬੁਲਾਰੇ ਲੈਕਚਰਾਰ ਤਰਸੇਮ ਪਠਲਾਵਾ ਨੇ ਜਸਵੀਰ ਸਿੰਘ ਘੋਲੀ ਵਲੋਂ ਜੋਂ ਇਹ ਪਵਿੱਤਰ ਕਾਰਜ ਕੀਤਾ ਜਾ ਰਿਹਾ ਹੈ, ਬਾਰੇ ਬੋਲਦਿਆਂ ਆਖਿਆ ਕਿ ਇਸ ਨਾਲ ਵਿਦਿਆਰਥੀਆਂ ਵਿਚ ਮੁਕਾਬਲੇ ਦੀ ਭਾਵਨਾ ਪੈਦਾ ਹੋਵੇਗੀ ਜੋਂ ਵਿਦਿਆਰਥੀਆਂ ਨੂੰ ਉਹਨਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਵਿਚ ਬੇਹੱਦ ਮੱਦਦਗਾਰ ਸਾਬਤ ਹੋਵੇਗੀ | ਉਹਨਾਂ ਨੇ ਵਿਦਿਆਰਥੀਆਂ ਨੂੰ ਮੋਟੀਵੇਟ ਕਰਦਿਆਂ ਆਖਿਆ ਕਿ ਲਗਨ, ਮਿਹਨਤ ਅਤੇ ਸਿਦਕਦਿਲੀ ਨਾਲ ਕੀਤਾ ਹੋਇਆ ਕੰਮ ਤੁਹਾਨੂੰ ਸਫਲਤਾ ਦੀ ਟੀਸੀ ਤੱਕ ਲਿਜਾਣ ਤੋਂ ਕੋਈ ਰੋਕ ਨਹੀਂ ਸਕਦਾ | ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਨੇ ਆਪਣੇ ਨਿੱਜੀ ਤਜਰਬਿਆਂ ਦੀ ਤਰਜਮਾਨੀ ਕਰਦਿਆਂ ਆਖਿਆਂ ਕਿ ਮਿਹਨਤ ਇੱਕ ਅਜਿਹੀ ਚਾਬੀ ਹੈ, ਜਿਸ ਨਾਲ ਤੁਸੀਂ ਸਫਲ ਜਿੰਦਗੀ ਦੇ ਤਾਲਿਆਂ ਨੂੰ ਬਹੁਤ ਹੀ ਆਸਾਨੀ ਨਾਲ ਖੋਲ ਸਕਦੇ ਹੋ | ਉਹਨਾਂ ਨੇ ਹੈਰਾਨੀ ਪ੍ਰਗਟ ਕਰਦਿਆਂ ਆਖਿਆ ਕਿ ਸਿਰਫ ਬੇਟੀਆਂ ਹੀ ਹਰ ਖੇਤਰ ਵਿਚ ਅੱਗੇ ਆ ਰਹੀਆਂ ਹਨ ਜੋਂ ਕਿ ਬੜੀ ਖੁਸ਼ੀ ਦੀ ਗੱਲ ਹੈ, ਪਰ ਉਹਨਾਂ ਨੇ ਲੜਕਿਆਂ ਨੂੰ ਵੀ ਉਤਸ਼ਾਹਿਤ ਕਰਦਿਆਂ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਲੜਕਾ ਬੋਰਡ ਪ੍ਰੀਖਿਆਵਾਂ ਵਿਚੋਂ ਪਹਿਲੀਆਂ ਤਿੰਨ ਪੁਜੀਸ਼ਨਾਂ ਹਾਸਲ ਕਰੇਗਾ, ਪਠਲਾਵਾ ਸੰਸਥਾ ਵਲੋਂ ਇਸ ਰਾਸ਼ੀ ਤੋਂ ਇਲਾਵਾ ਦਸ ਹਜ਼ਾਰ ਰੁਪਏ ਦਾ ਇਨਾਮ ਹਰ ਲੜਕੇ ਨੂੰ ਵੀ ਦੇਵੇਗੀ | ਅਮਨਦੀਪ ਸਿੰਘ ਰਾਏ ਸਰਪੰਚ ਮੋਰਾਂਵਾਲੀ ਨੇ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਆਖਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਜਸਵੀਰ ਸਿੰਘ ਘੋਲੀ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਮੱਦਦ ਲਈ ਸ਼ਲਾਘਾਯੋਗ ਉੱਦਮ ਉਪਰਾਲਾ ਕੀਤਾ ਜਾ ਰਿਹਾ ਹੈ | ਇਸ ਅਵਸਰ 'ਤੇ ਸਾਲ 2024 ਵਿੱਚ ਸਿਮਰਨ ਪੁੱਤਰੀ ਮਲਕੀਤ ਰਾਮ ਪਠਲਾਵਾ, ਨੈਨਸੀ ਪੁੱਤਰੀ ਸੁਦੇਸ਼ ਕੁਮਾਰ ਸਿੱਧੂ ਮੋਰਾਂਵਾਲੀ ਅਤੇ ਕਵਿਤਾ ਪੁੱਤਰੀ ਮੈਂਟਾਂ ਮੋਰਾਂਵਾਲੀ ਇਸੇ ਤਰਾਂ ਸਾਲ 2025 ਲਈ ਮਹਿਕ ਪੁੱਤਰੀ ਪ੍ਰਮਜੀਤ ਸਿੰਘ ਪੰਮਾ ਸਾਬਕਾ ਅੰਤਰਰਾਸ਼ਟਰੀ ਫੁੱਟਬਾਲ ਖਿਡਾਰੀ, ਦੀਆਂ ਪੁੱਤਰੀ ਭਿੰਦਰ ਸਿੰਘ ਮੋਰਾਂਵਾਲੀ ਅਤੇ ਮੁਸਕਾਨ ਪੁੱਤਰੀ ਸੁਖਵਿੰਦਰ ਸਿੰਘ ਮੋਰਾਂਵਾਲੀ ਨੂੰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਨੰਬਰ 'ਤੇ ਆਉਣ ਲਈ 25, 15 ਅਤੇ 10 ਹਜ਼ਾਰ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਸਾਇੰਸ ਮਾਸਟਰ ਮਜ਼ਾਰਾ ਡੀਂਗਰੀਆਂ, ਆਰਤੀ ਸ਼ਰਮਾ, ਮਨਜਿੰਦਰ ਕੌਰ ਮੋਰਾਂਵਾਲੀ, ਏਕਤਾ ਮੋਰਾਂਵਾਲੀ, ਰਣਜੀਤ ਸਿੰਘ ਮੈਥ ਮਾਸਟਰ ਪੋਸੀ, ਹਰਜੀਤ ਸਿੰਘ ਜੀਤਾ ਮੀਡੀਆ ਇੰਚਾਰਜ ਪਠਲਾਵਾ ਸੰਸਥਾ, ਰਜਿੰਦਰ ਸਿੰਘ ਜਿੰਦਾ, ਬਲਵਿੰਦਰ ਸਿੰਘ ਪਠਲਾਵਾ ਅਤੇ ਸਨਮਾਨ ਰਾਸ਼ੀ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੇ ਮਾਪੇ ਵੀ ਹਾਜ਼ਰ ਸਨ | ਇਸ ਤੋਂ ਬਾਅਦ ਹੈੱਡ ਮਿਸਟਰੈਸ ਸੀਮਾ ਵਲੋਂ ਸਾਰੇ ਪੱਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ | ਸਕੂਲ ਸਟਾਫ਼ ਵੱਲੋਂ ਸਮਾਜ ਸੇਵੀ ਜਸਵੀਰ ਸਿੰਘ ਘੋਲੀ ਮੋਰਾਂਵਾਲੀ ਨੂੰ ਉਹਨਾਂ ਵਲੋਂ ਸਕੂਲ ਲਈ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸਮਾਜ ਸੇਵੀ ਸੇਵਾਵਾਂ ਲਈ ਸਕੂਲ ਦਾ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ |