ਬਲਾਚੌਰ, 9 ਮਈ (ਨਰੇਸ਼ ਧੌਲ, ਦੀਦਾਰ ਸਿੰਘ ਬਲਾਚੌਰੀਆ)-ਬਲਾਚੌਰ ਵਿਖੇ ਮਨਾਈ ਮਹਾਰਾਣਾ ਪ੍ਰਤਾਪ ਜੈਅੰਤੀ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਲੋਕਾਂ, ਖ਼ਾਸ ਕਰ ਨੌਜਵਾਨ ਪੀੜ੍ਹੀ ਨੂੰ ਰਾਸ਼ਟਰੀ ਏਕਤਾ, ਅਖੰਡਤਾ ਅਤੇ ਪ੍ਰਭੂਸੱਤਾ ਨੂੰ ਮਜ਼ਬੂਤ ਕਰਨ ਲਈ ਮਹਾਰਾਣਾ ਪ੍ਰਤਾਪ ਵਲੋਂ ਦਰਸਾਏ ਮਾਰਗ 'ਤੇ ਚੱਲਣ ਦਾ ਸੱਦਾ ਦਿੱਤਾ | ਉਨ੍ਹਾਂ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਨ ਰਾਜਪੂਤ ਯੋਧੇ ਦਾ ਜੀਵਨ ਅਤੇ ਕੁਰਬਾਨੀ ਦੇਸ਼ ਭਰ ਵਿਚ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹੇਗਾ | ਮਾਤ ਭੂਮੀ ਦੀ ਰੱਖਿਆ ਵਿਚ ਮਹਾਰਾਣਾ ਪ੍ਰਤਾਪ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ ਰਾਜਪਾਲ ਨੇ ਕਿਹਾ ਕਿ ਮਹਾਨ ਯੋਧੇ ਨੇ ਮੁਗ਼ਲਾਂ ਖ਼ਿਲਾਫ਼ ਬਹਾਦਰੀ ਨਾਲ ਲੜਦੇ ਹੋਏ ਆਪਣਾ ਸਮੁੱਚਾ ਜੀਵਨ ਰਾਸ਼ਟਰ ਦੇ ਸਨਮਾਨ ਤੇ ਅਖੰਡਤਾ ਦੀ ਰਾਖੀ ਲਈ ਸਮਰਪਿਤ ਕਰ ਦਿੱਤਾ | ਉਨ੍ਹਾਂ ਮਹਾਰਾਣਾ ਪ੍ਰਤਾਪ ਦੀ ਕੁਰਬਾਨੀ ਤੇ ਬਹਾਦਰੀ ਨੂੰ ਵਿਸ਼ਵ ਇਤਿਹਾਸ ਵਿਚ ਬੇਮਿਸਾਲ ਦੱਸਦਿਆਂ ਕਿਹਾ ਕਿ ਅਜਿਹੇ ਨਾਇਕ ਦੇਸ਼ ਭਗਤੀ ਅਤੇ ਸਵੈ-ਮਾਣ ਦੇ ਸੱਚੇ ਪ੍ਰਤੀਕ ਹਨ | ਰਾਜਪਾਲ ਨੇ ਪੰਜਾਬ ਦੀ ਕੁਰਬਾਨੀਆਂ ਤੇ ਬਹਾਦਰੀ ਦੀ ਸ਼ਾਨਦਾਰ ਵਿਰਾਸਤ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਧਰਤੀ ਦੇਸ਼ ਤੇ ਧਾਰਮਿਕ ਆਜ਼ਾਦੀ ਦੀ ਰਾਖੀ 'ਚ ਹਮੇਸ਼ਾ ਮੋਹਰੀ ਰਹੀ ਹੈ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਗੁਰੂ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਦੇਸ਼ ਤੇ ਮਨੁੱਖਤਾ ਲਈ ਦਿੱਤੀ ਗਈ ਸਰਬਉੱਚ ਕੁਰਬਾਨੀ ਸਦੀਵੀ ਪ੍ਰੇਰਨਾ ਬਣੀ ਰਹੇਗੀ | ਭਾਰਤ ਨੂੰ ਅਣਗਿਣਤ ਨਾਇਕਾਂ ਅਤੇ ਸ਼ਹੀਦਾਂ ਦੀ ਧਰਤੀ ਦੱਸਦਿਆਂ ਕਟਾਰੀਆ ਨੇ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੇ ਜੀਵਨ ਅਤੇ ਫ਼ਲਸਫ਼ੇ ਤੋਂ ਜਾਣੂ ਕਰਵਾਉਣਾ ਸਮਾਜ ਦੀ ਨੈਤਿਕ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਅਜਿਹੇ ਸਮਾਗਮ ਮਹਾਨ ਇਤਿਹਾਸਕ ਸ਼ਖ਼ਸੀਅਤਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਆਦਰਸ਼ ਅਪਣਾਉਣ ਲਈ ਪ੍ਰੇਰਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ | ਇਸ ਤੋਂ ਪਹਿਲਾਂ ਰਾਜਪਾਲ ਨੇ ਹੋਰ ਪਤਵੰਤਿਆਂ ਦੇ ਨਾਲ ਸ਼ਮ੍ਹਾ ਰੌਸ਼ਨ ਕਰਕੇ ਸਮਾਗਮ ਦਾ ਉਦਘਾਟਨ ਕੀਤਾ | ਉਨ੍ਹਾਂ ਰਾਜਪੂਤ ਸਭਾ ਬਲਾਚੌਰ ਵਲੋਂ ਸ਼ਾਨਦਾਰ ਸ਼ੋਭਾ ਯਾਤਰਾ ਨੂੰ ਝੰਡੀ ਦੇ ਕੇ ਰਵਾਨਾ ਕੀਤਾ, ਜੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਲੰਘੀ | ਸਭਾ ਵਲੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ | ਇਸ ਮੌਕੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ, ਵਿਧਾਇਕਾ ਸੰਤੋਸ਼ ਕਟਾਰੀਆ, ਚੇਅਰਮੈਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਜਸਵੀਰ ਸਿੰਘ ਗੜ੍ਹੀ, ਡੀ. ਆਈ. ਜੀ. ਸਤਿੰਦਰ ਸਿੰਘ, ਐਸ. ਐਸ. ਪੀ. ਤੁਸ਼ਾਰ ਗੁਪਤਾ, ਐਸ. ਡੀ. ਐਮ. ਬਲਾਚੌਰ ਸੁਨੀਲ ਫੋਗਾਟ ਤੇ ਰਾਜਪੂਤ ਸਭਾ ਬਲਾਚੌਰ ਦੇ ਪ੍ਰਧਾਨ ਭੁਪਿੰਦਰ ਰਾਣਾ ਅਤੇ ਹੋਰ ਬਹੁ ਗਿਣਤੀ ਸ਼ਖ਼ਸੀਅਤਾਂ ਵੀ ਹਾਜ਼ਰ ਸਨ |