ਜ਼ਿਲ੍ਹਾ ਪੁਲਿਸ ਵਲੋਂ ਵੱਖ-ਵੱਖ ਮਾਮਲਿਆਂ 'ਚ ਕਥਿਤ ਦੋਸ਼ੀ ਕਾਬੂ, 8 ਗ੍ਰਾਮ ਹੈਰੋਇਨ ਬਰਾਮਦ
ਅਜੀਤ ਡੈਸਕ
10-05-2026
ਨਾਜਾਇਜ਼ ਸ਼ਰਾਬ ਸਮੇਤ ਕਾਬੂ
ਏ. ਐਸ. ਆਈ. ਅਜੇਪਾਲ ਸਿੰਘ ਅਨੁਸਾਰ ਉਹ ਸਮੇਤ ਸਾਥੀ ਕਰਮਚਾਰੀਆਂ ਦੇ ਬਾ ਚੈਕਿੰਗ ਸ਼ੱਕੀ ਵਾਹਨਾਂ ਤੇ ਸ਼ੱਕੀ ਵਿਅਕਤੀਆਂ ਦੇ ਸੰਬੰਧ ਵਿਚ ਅੰਬੇਡਕਰ ਚੌਕ ਨਵਾਂਸ਼ਹਿਰ ਵਿਖੇ ਮੌਜੂਦ ਸੀ | ਉਨ੍ਹਾਂ ਨੂੰ ਇਤਲਾਹ ਮਿਲੀ ਕਿ ਕੁਲਦੀਪ ਰਾਜ ਉਰਫ ਭਿੰਦਰ ਪੁੱਤਰ ਬਿਸ਼ੰਭਰ ਦਾਸ ਵਾਸੀ ਨਵੀਂ ਅਬਾਦੀ ਨਵਾਂਸ਼ਹਿਰ, ਥਾਣਾ ਸਿਟੀ ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਲੁਕ ਛਿਪ ਕੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ, ਜਿਸ ਪਰ ਪਹਿਲਾਂ ਵੀ ਨਾਜਾਇਜ਼ ਸ਼ਰਾਬ ਵੇਚਣ ਦਾ ਕੇਸ ਦਰਜ ਹੈ, ਜੋ ਅੱਜ ਵੀ ਚਿੱਟੇ ਰੰਗ ਦੇ ਥੈਲਾ ਪਲਾਸਟਿਕ 'ਚ ਚੰਡੀਗੜ੍ਹ ਦੀ ਸ਼ਰਾਬ ਰੱਖ ਕੇ ਫੋਕਲ ਪੁਆਇੰਟ ਨਵਾਂਸ਼ਹਿਰ ਨੇੜੇ ਖੜ੍ਹਾ ਹੈ | ਪੁਲਿਸ ਪਾਰਟੀ ਨੇ ਉਸ ਪਾਸੋਂ 16 ਬੋਤਲਾਂ ਸ਼ਰਾਬ ਫੜ੍ਹੀ |
ਡਾਕਟਰ ਨਾਲ ਬਦਸਲੂਕੀ ਕਰਨ 'ਤੇ ਮਾਮਲਾ ਦਰਜ
ਡਾ. ਮਨਦੀਪ ਵਿਰਦੀ ਮੈਡੀਕਲ ਅਫਸਰ ਸਿਵਲ ਹਸਤਪਾਲ ਨਵਾਂਸ਼ਹਿਰ ਅਨੁਸਾਰ ਉਹ ਬਤੌਰ ਡਿਊਟੀ ਡਾਕਟਰ ਸਿਵਲ ਹਸਪਤਾਲ ਨਵਾਂਸ਼ਹਿਰ ਵਿਖੇ ਹਾਜ਼ਰ ਸਨ ਤਾਂ ਹਿਰਦੈ ਗਿਲਹੋਤਰਾ ਪੁੱਤਰ ਰਿਸ਼ੁ ਗਿਲਹੋਤਰਾ ਵਾਸੀ ਫਰੈਂਡਜ਼ ਕਾਲੋਨੀ ਨਵਾਂਸ਼ਹਿਰ ਥਾਣਾ ਸਿਟੀ ਨਵਾਂਸ਼ਹਿਰ ਆਪਣੇ ਚਾਚੇ ਦਾ ਇਲਾਜ ਕਰਵਾਉਣ ਲਈ ਉਸ ਦੇ ਨਾਲ ਸਿਵਲ ਹਸਪਤਾਲ ਆਇਆ ਜੋ ਡਿਊਟੀ ਮੈਡੀਕਲ ਅਫਸਰ ਮਨਦੀਪ ਵਿਰਦੀ ਨਾਲ ਲੜਾਈ ਝਗੜਾ ਕਰਨ ਲੱਗ ਪਿਆ ਜਿਸ ਨੇ ਆਪਣੇ ਪਿਤਾ ਰਿਸ਼ੂ ਗਿਲਹੋਤਰਾ ਪੁੱਤਰ ਆਨੰਦ ਪ੍ਰਕਾਸ਼ ਵਾਸੀ ਫਰੈਡਜ ਕਲੋਨੀ ਨਵਾਂਸ਼ਹਿਰ ਥਾਣਾ ਸਿਟੀ ਨਵਾਸਹਿਰ ਨੂੰ ਵੀ ਮੌਕੇ 'ਤੇ ਬੁਲਾ ਲਿਆ ਦੋਨਾਂ ਨੇ ਰਲ ਕੇ ਡਾਕਟਰ ਨਾਲ ਲੜਾਈ ਝਗੜਾ ਕੀਤਾ ਅਤੇ ਸਿਵਲ ਹਸਪਤਾਲ ਦੀ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਹੈ | ਜਿਸ 'ਤੇ ਉਕਤਾਨ ਕਥਿਤ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ |
ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
ਹੈੱਡ ਕਾਂਸਟੇਬਲ ਹਰਪ੍ਰੀਤ ਸਿੰਘ ਅਨੁਸਾਰ ਉਹ ਪਿੰਡ ਛੋਕਰਾਂ ਵੱਲ ਨੂੰ ਜਾ ਰਿਹਾ ਸੀ ਤਾਂ ਇਕ ਨੌਜਵਾਨ ਜਿਸ ਦੇ ਸਿਰ 'ਤੇ ਪੱਟੀ ਬੰਨ੍ਹੀ ਹੋਈ ਸੀ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਆਪਣੇ ਨਜ਼ਦੀਕ ਆਉਂਦੀ ਦੇਖ ਕੇ ਆਪਣੀ ਪਹਿਨੀ ਪੈਂਟ ਦੀ ਜੇਬ ਵਿਚੋਂ ਆਪਣੇ ਹੱਥ ਨਾਲ ਕੋਈ ਚੀਜ ਕੱਢ ਸੜਕ ਕਿਨਾਰੇ ਸੁੱਟ ਦਿੱਤੀ ਅਤੇ ਤੇਜ਼ ਕਦਮੀ ਪਿਛਾਂਹ ਨੂੰ ਮੁੜ ਕੇ ਖਿਸਕਣ ਲੱਗਾ, ਜਿਸ ਨੇ ਆਪਣਾ ਨਾਂਅ ਖੁਸ਼ਦੀਪ ਉਰਫ਼ ਗੂੰਗਾ ਪੁੱਤਰ ਸ਼ਿਵ ਕੁਮਾਰ ਵਾਸੀ ਮੁਹੱਲਾ ਆਰਨਹਾਲੀ ਰਾਹੋਂ ਥਾਣਾ ਰਾਹੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ ਤੇ ਖੁਸ਼ਦੀਪ ਉਰਫ਼ ਗੂੰਗਾ ਉਕਤ ਦੇ ਸਿਰ ਵਿੱਚ ਬੰਨ੍ਹੀ ਪੱਟੀ ਬਾਰੇ ਪੁੱਛਿਆ, ਜਿਸ ਨੇ ਦੱਸਿਆਂ ਕਿ ਸੜਕ 'ਤੇ ਡਿੱਗਣ ਕਾਰਨ ਉਸਦੇ ਸਿਰ 'ਚ ਸੱਟ ਲੱਗ ਗਈ ਸੀ | ਹਰਪ੍ਰੀਤ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਹਾਜ਼ਰੀ ਵਿਚ ਖੁਸਦੀਪ ਉਰਫ਼ ਗੂੰਗਾ ਵਲੋਂ ਸੁੱਟੀ ਚੀਜ਼ ਨੂੰ ਚੁੱਕ ਕੇ ਚੈੱਕ ਕੀਤਾ ਤਾਂ 2 ਪੱਤੇ ਨਸ਼ੀਲੀਆਂ ਗੋਲੀਆਂ ਇਕ ਪੱਤੇ ਵਿਚ 15 ਗੋਲੀਆਂ ਤੇ ਇਕ ਪੱਤੇ 'ਚ 10 ਗੋਲੀਆਂ ਕੁੱਲ 25 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ |
30 ਨਸ਼ੀਲੀਆਂ ਗੋਲੀਆਂ ਬਰਾਮਦ
ਏ. ਐਸ. ਆਈ. ਬਲਜਿੰਦਰ ਕੁਮਾਰ ਅਨੁਸਾਰ ਉਹ ਪਿੰਡ ਕਜਲਾ ਨੂੰ ਜਾ ਰਹੇ ਸੀ ਤਾਂ ਜਦੋਂ ਪੁਲਿਸ ਪਾਰਟੀ ਪਿੰਡ ਕਜਲਾ ਦੀ ਨਹਿਰ ਪੁਲੀ ਤੋਂ ਅੱਗੇ ਨੇੜੇ ਸ਼ਮਸ਼ਾਨਘਾਟ ਪੁੱਜੇ ਤਾਂ ਸਾਹਮਣੇ ਤੋਂ ਇਕ ਨੌਜਵਾਨ ਆਉਂਦਾ ਦਿਖਾਈ ਦਿੱਤਾ | ਜਿਸ ਨੇ ਆਪਣਾ ਨਾਂਅ ਸ਼ਿੰਦਰ ਪਾਲ ਪੁੱਤਰ ਪਰਮਜੀਤ ਲਾਲ ਵਾਸੀ ਗੋਬਿੰਦਪੁਰ ਥਾਣਾ ਸਦਰ ਬੰਗਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਸ਼ਿੰਦਰ ਪਾਲ ਉਕਤ ਵਲੋਂ ਸੁੱਟੀ ਹੋਈ ਪਾਰਦਰਸ਼ੀ ਮੋਮੀ ਲਿਫਾਫਾ ਵਜਨਦਾਰ ਨੂੰ ਚੈੱਕ ਕਰਨ 'ਤੇ ਉਸ 'ਚੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ |
ਨਸ਼ੀਲੀਆਂ ਗੋਲੀਆਂ ਸਮੇਤ ਕਾਬੂ
ਏ. ਐਸ. ਆਈ. ਅਮਰਜੀਤ ਕੌਰ ਅਨੁਸਾਰ ਉਹ ਸ਼ੱਕੀ ਵਿਅਕਤੀਆਂ ਤੇ ਸ਼ਿਫਟਿੰਗ ਨਾਕਾਬੰਦੀ ਦੇ ਸੰਬੰਧ ਵਿਚ ਮੁਕੰਦਪੁਰ ਤੋਂ ਮੰਡੇਰਾਂ ਵੱਲ ਜਾ ਰਹੇ ਸੀ ਤਾਂ ਜਦੋ ਪੁਲਿਸ ਪਾਰਟੀ ਪੁਲੀ ਸੁਆ ਮੰਡੇਰਾ ਕੋਲ ਪੁੱਜੀ ਤਾ 2 ਨੌਜਵਾਨ ਪੱਕੀ ਲਿੰਕ ਰੋਡ 'ਤੇ ਚੜ੍ਹਨ ਲੱਗੇ ਤਾਂ ਲਾਗੇ ਆਈ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਇਕ ਨੌਜਵਾਨ ਨੇ ਆਪਣੇ ਹੱਥ ਵਿਚ ਫੜ੍ਹੀ ਪਾਰਦਰਸ਼ੀ ਵਜ਼ਨਦਾਰ ਮੋਮੀ ਲਿਫਾਫੀ ਨਾਲ ਵਾਲੇ ਨੌਜਵਾਨ ਨੂੰ ਫੜਾਈ, ਜਿਸ ਨੇ ਘਬਰਾ ਕਿ ਇਕ ਪਾਸੇ ਘਾਹਫੂਸ ਵਿਚ ਸੁੱਟ ਦਿਤੀ ਅਤੇ ਆਪ ਤੇਜ਼ ਕਦਮੀਂ ਪਿਛਾਹ ਵੱਲ ਨੂੰ ਮੁੜ ਪਏ | ਦੋਵਾਂ ਨੌਜਵਾਨਾਂ ਨੂੰ ਕਾਬੂ ਕੀਤਾ ਤੇ ਨਾਂਅ ਪਤਾ ਪੁੱਛਿਆ, ਇਕ ਨੇ ਆਪਣਾ ਨਾਂਅ ਵਿਜੈ ਕੁਮਾਰ ਉਰਫ ਮਨੀ ਪੁੱਤਰ ਭਗਵੰਤ ਰਾਏ ਵਾਸੀ ਮੁਕੰਦਪੁਰ, ਥਾਣਾ ਮੁਕੰਦਪੁਰ ਅਤੇ ਦੂਜੇ ਨੇ ਆਪਣਾ ਨਾਂਅ ਹਰਜੀਤ ਕੁਮਾਰ ਪੁੱਤਰ ਤਰਸੇਮ ਲਾਲ ਵਾਸੀ ਮੁਕੰਦਪੁਰ, ਥਾਣਾ ਮੁਕੰਦਪੁਰ ਦੱਸਿਆ ਜਿਨ੍ਹਾਂ ਪਾਸੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ |