ਬਲਾਚੌਰ, 12 ਮਈ (ਨਰੇਸ਼ ਧੌਲ)-ਬਲਾਚੌਰ ਭੱਦੀ ਮੁੱਖ ਸੜਕ 'ਤੇ ਮਾਰਕੀਟ ਕਮੇਟੀ ਦਫ਼ਤਰ ਦੇ ਦੂਜੀ ਸਾਈਡ ਕਈ ਦਿਨਾਂ ਤੋਂ ਸੀਵਰੇਜ ਦੇ ਓਵਰਫਲੋਅ ਹੁੰਦੇ ਗੰਦੇ ਪਾਣੀ ਕਾਰਨ ਦੁਕਾਨਦਾਰ ਤੇ ਰਾਹਗੀਰ ਵੱਡੀ ਖੱਜਲ ਖੁਆਰੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਦੁਕਾਨਦਾਰਾਂ, ਰਾਹਗੀਰਾਂ ਤੇ ਸ਼ਹਿਰ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਪਾਣੀ ਦੀ ਨਿਕਾਸੀ ਵਾਲਾ ਪਾਇਪ ਬੰਦ ਹੋਣ ਕਾਰਨ ਗੰਦਾ ਪਾਣੀ ਓਵਰਫਲੋਅ ਹੋ ਕੇ ਸੜਕ ਦੇ ਕਿਨਾਰੇ ਦੁਕਾਨਾਂ ਦੇ ਅੱਗੇ ਛੱਪੜ ਨੁਮਾ ਰੂਪ ਧਾਰਨ ਕਰਕੇ ਅਕਸਰ ਹੀ ਖੜ੍ਹਾ ਰਹਿੰਦਾ ਹੈ | ਇਸ ਬਦਬੂ ਮਾਰ ਰਹੇ ਇਸ ਗੰਦੇ ਪਾਣੀ ਨਾਲ ਜਿਥੇ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ ਉਥੇ ਪੈਦਲ ਚੱਲਣ ਵਾਲੇ ਤੇ ਦੋ ਪਹੀਆ ਵਾਹਨ ਚਾਲਕਾਂ ਨੂੰ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤੋਂ ਇਲਾਵਾ ਇਸ ਗੰਦੀ ਬਦਬੂ ਕਾਰਨ ਦੁਕਾਨਦਾਰਾਂ ਦਾ ਕੰਮ ਕਾਜ ਵੀ ਪ੍ਰਭਾਵਿਤ ਹੋ ਰਿਹਾ ਹੈ | ਇਹ ਗੰਦਾ ਪਾਣੀ ਓਵਰਫਲੋਅ ਵਾਲੇ ਸਥਾਨ ਤੋਂ ਲਗਪਗ 200 ਮੀਟਰ ਦੂਰ ਤੱਕ ਮੁੱਖ ਸੜਕ 'ਤੇ ਗੰਦਗੀ ਫੈਲਾਅ ਰਿਹਾ ਹੈ | ਜ਼ਿਕਰਯੋਗ ਹੈ ਕਿ ਇਹ ਪਾਈਪ ਪਹਿਲਾਂ ਵੀ ਪਿਛਲੇ ਸਮਿਆਂ ਦੌਰਾਨ ਇਸ ਤਰਾਂ ਬੰਦ ਹੋਇਆ ਸੀ ਜਿਸ ਨੂੰ ਆਰਜ਼ੀ ਤੌਰ 'ਤੇ ਦਰੁਸਤ ਕਰ ਦਿੱਤਾ ਗਿਆ ਸੀ ਪਰ ਹੁਣ ਕੁਝ ਸਮੇਂ ਬਾਅਦ ਫਿਰ ਦੁਬਾਰਾ ਤੋਂ ਇਹ ਸਮੱਸਿਆ ਉਜਾਗਰ ਹੋ ਗਈ ਹੈ | ਇਸ ਵੱਡੀ ਸਮੱਸਿਆ ਸੰਬੰਧੀ ਨਗਰ ਕੌਂਸਲ ਦੇ ਮੁਲਾਜ਼ਮ ਤੇ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਜਾਪ ਰਿਹਾ ਹੈ | ਇਲਾਕਾ ਵਾਸੀਆਂ ਤੇ ਸ਼ਹਿਰ ਵਾਸੀਆਂ ਨੇ ਮਿਊਾਸੀਪਲ ਕਮੇਟੀ ਬਲਾਚੌਰ ਤੇ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਇਸ ਓਵਰਫਲੋਅ ਹੋ ਰਹੇ ਗੰਦੇ ਪਾਣੀ ਨੂੰ ਤੁਰੰਤ ਬੰਦ ਕਰਕੇ ਇਸ ਸਮੱਸਿਆ ਦਾ ਪੱਕੇ ਤੌਰ 'ਤੇ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਹਿਸੂਸ ਹੋ ਸਕੇ |