ਬੰਗਾ, 12 ਮਈ (ਸੁਰਿੰਦਰ ਸਿੰਘ ਕਰਮ ਲਧਾਣਾ)-ਸਮਾਜ ਸੇਵੀ ਸੰਸਥਾ ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਦੀ ਜਨਰਲ ਬਾਡੀ ਦੀ ਮੀਟਿੰਗ ਰਾਮ ਜੀਤ ਸਿੰਘ ਦੀ ਪ੍ਰਧਾਨਗੀ ਹੇਠ ਡਿੰਪੀ ਰੈਸਟੋਰੈਂਟ ਬੰਗਾ ਵਿਖੇ ਹੋਈ | ਮੀਟਿੰਗ ਦੀ ਸ਼ੁਰੂਆਤ ਰਿਸ਼ੂ ਵਲੋਂ ਪ੍ਰਮਾਤਮਾ ਨੂੰ ਯਾਦ ਕਰਦਿਆਂ ਲਾਇਨ ਅਰਦਾਸ ਪੜ੍ਹ ਕੇ ਕੀਤੀ ਗਈ | ਦਲਵੀਰ ਚੰਦ ਕਾਨੰਗੋ ਵਲੋਂ ਸ਼ਾਇਰਾਨਾ ਅੰਦਾਜ਼ ਵਿਚ ਆਪਣੇ ਭਾਸ਼ਨ ਰਾਹੀਂ ਸਾਰੇ ਕਲੱਬ ਮੈਂਬਰਾਂ ਨੂੰ ਵੈਲਕਮ ਕੀਤਾ | ਉਪਰੰਤ ਪਲਵਿੰਦਰ ਸਿੰਘ ਪੂੰਨੀ ਵਲੋਂ ਲਾਇਨ ਸਾਲ 2025-26 ਵਿਚ ਕਲੱਬ ਦੁਆਰਾ ਕੀਤੇ ਸਮਾਜ ਸੇਵਾ ਦੇ ਕੰਮਾਂ ਦੀ ਰਿਪੋਰਟ ਪੜ੍ਹੀ ਗਈ | ਇਨ੍ਹਾਂ ਸਮਾਜ-ਸੇਵਾ ਦੇ ਕੰਮਾਂ ਤੇ ਉਸ ਉੱਪਰ ਹੋਏ ਖ਼ਰਚਿਆਂ ਦੀ ਸ਼ਲਾਘਾ ਕਰਦਿਆਂ ਸਮੂਹ ਕਲੱਬ ਮੈਂਬਰਾਂ ਵਲੋਂ ਤਾੜੀਆਂ ਮਾਰ ਕੇ ਰਾਮ ਜੀਤ ਸਿੰਘ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੀ ਹੌਸਲਾ-ਅਫਜਾਈ ਕੀਤੀ ਗਈ | ਉਪਰੰਤ ਸਮੂਹ ਕਲੱਬ ਮੈਂਬਰਾਂ ਵਲੋਂ ਨਵੇਂ ਲਾਇਨ ਸਾਲ ਲਈ ਟੀਮ ਚੁਣਨ ਲਈ ਵਿਸਥਾਰ-ਪੂਰਵਕ ਚਰਚਾ ਕੀਤੀ ਅਤੇ ਨਵੀਂ ਟੀਮ ਦਾ ਐਲਾਨ ਕਰਨ ਦੇ ਅਧਿਕਾਰ ਸਰਬ-ਸੰਮਤੀ ਨਾਲ ਸੀਨੀਅਰ ਲਾਇਨ ਆਗੂ ਹਰਦੇਵ ਸਿੰਘ ਬੇਦੀ ਨੂੰ ਦੇ ਦਿੱਤਾ ਗਿਆ | ਉਨ੍ਹਾਂ ਵਲੋਂ ਨਵੀਂ ਟੀਮ ਦਾ ਐਲਾਨ ਕਰਦਿਆਂ ਸੰਦੀਪ ਕੁਮਾਰ ਗਾਭਾ ਪ੍ਰਧਾਨ, ਜਤਿੰਦਰ ਸਿੰਘ ਪਾਬਲਾ ਸਕੱਤਰ ਤੇ ਸੁਰਿੰਦਰ ਪ੍ਰਕਾਸ਼ ਨਈਅਰ ਖਜ਼ਾਨਚੀ, ਕਿਰਨਜੀਤ ਕੌਰ ਪੀ. ਆਰ. ਓ. ਤੇ ਰਾਮਜੀਤ ਸਿੰਘ ਨੂੰ ਮੈਂਬਰਸ਼ਿਪ ਚੇਅਰਪਰਸਨ ਦੇ ਨਾਂਅ ਨੂੰ ਕਲੱਬ ਦੇ ਸਨਮੁੱਖ ਰੱਖਦਿਆਂ ਹੀ ਸਮੂਹ ਕਲੱਬ ਮੈਂਬਰਾਂ ਵਲੋਂ ਸਹਿਮਤੀ ਜਤਾਈ | ਇਸ ਮੌਕੇ ਲਾਇਨ ਬੇਦੀ ਵਲੋਂ ਸਮੂਹ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਡਿਊਟੀਆਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਲਾਇਨ ਪਿੰਨਾਂ ਲਾ ਕੇ ਸਨਮਾਨਿਤ ਵੀ ਕੀਤਾ | ਉਪਰੰਤ ਹਰਦੇਵ ਸਿੰਘ ਬੇਦੀ, ਸੁੱਚਾ ਰਾਮ ਤੇ ਲਾਇਨ ਦਲਵੀਰ ਚੰਦ ਕਾਨੂੰਗੋ ਨੇ ਆਪਣੇ ਵਿਚਾਰ ਸਾਂਝੇ ਕੀਤੇ | ਲਾਇਨ ਸੰਦੀਪ ਕੁਮਾਰ ਨੇ ਸਮੂਹ ਮੈਂਬਰਾਂ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਦੀ ਕਲੱਬ ਪ੍ਰਧਾਨ ਵਾਸਤੇ ਚੋਣ ਕਰਨ ਲਈ ਧੰਨਵਾਦ ਕੀਤਾ | ਇਸ ਮੌਕੇ ਸੁਰਿੰਦਰ ਪ੍ਰਕਾਸ਼ ਨਈਅਰ, ਕਰਮਵੀਰ ਸਿੰਘ, ਪਲਵਿੰਦਰ ਸਿੰਘ ਪੂੰਨੀ, ਜਤਿੰਦਰ ਸਿੰਘ ਪਾਬਲਾ, ਰਿਸ਼ੂ ਕੁਮਾਰ, ਸਤਨਾਮ ਸਾਗਰ ਅਰੋੜਾ, ਜੋਗਾ ਰਾਮ, ਅਮਨ ਅਰੋੜਾ ਆਦਿ ਹਾਜ਼ਰ ਸਨ |