ਬਲਾਚੌਰ, 13 ਮਈ (ਨਰੇਸ਼ ਧੌਲ)-ਸੀਨੀਅਰ ਆਪ ਆਗੂ ਸੇਵਾ ਮੁਕਤ ਬਿ੍ਗੇਡੀਅਰ ਰਾਜ ਕੁਮਾਰ ਚੇਅਰਮੈਨ ਗੁੱਜਰ ਵੈਲਫੇਅਰ ਬੋਰਡ ਪੰਜਾਬ ਵੱਲੋਂ ਪਾਰਟੀ ਦੀ ਮਜਬੂਤੀ ਲਈ ਪਿੰਡਾਂ ਅੰਦਰ ਜਾ ਕੇ ਜਮੀਨੀ ਪੱਧਰ 'ਤੇ ਲੋਕਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਪੰਜਾਬ ਵਾਸੀਆਂ ਦੇ ਬਿਜਲੀ ਬਿੱਲਾਂ ਦੀ ਮੁਆਫੀ, ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਅਤੇ ਪਿੰਡਾਂ ਅੰਦਰ ਖੇਡ ਸਟੇਡੀਅਮ ਬਣਾਉਣ ਦੇ ਕਾਰਜ ਸ਼ੁਰੂ ਕਰਵਾਉਣੇ, ਲੋਕਾਂ ਨੂੰ ਨਮਕ, ਤੇਲ ਅਤੇ ਹਲਦੀ ਨਾਲ ਆਟਾ-ਦਾਲ ਦੀ ਸਕੀਮ ਮੁਹੱਈਆ ਕਰਵਾਉਣੀ ਅਤੇ ਹੋਰ ਬਹੁ-ਗਿਣਤੀ ਲੋਕ ਹਿਤੈਸ਼ੀ ਕਾਰਜਾਂ ਨੂੰ ਵੱਡੀ ਤਰਜੀਹ ਦਿੱਤੀ ਜਾ ਰਹੀ ਹੈ, ਜਿਸ ਕਾਰਨ ਆਮ ਆਦਮੀ ਪਾਰਟੀ ਲੋਕਾਂ ਦੀ ਹਰਮਨ ਪਿਆਰੀ ਪਾਰਟੀ ਬਣਦੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਦੂਜੇ ਪਾਸੇ ਕੇਂਦਰ ਤੇ ਕਾਬਜ਼ ਭਾਜਪਾ ਸਰਕਾਰ ਘਟੀਆ ਰਾਜਨੀਤੀ ਕਰਦਿਆਂ ਹੋਇਆਂ ਆਪਣੀ ਪਾਵਰ ਦੀ ਨਾਜਾਇਜ਼ ਵਰਤੋਂ ਕਰਕੇ ਪੰਜਾਬ ਵਾਸੀਆਂ ਨੂੰ ਦਬਾਉਣ ਦੀ ਕੋਸ਼ਸ਼ਿ ਕਰ ਰਹੀ ਹੈ, ਜੋ ਕਿਸੇ ਵੀ ਕੀਮਤ 'ਤੇ ਸਫਲ ਨਹੀਂ ਹੋਵੇਗੀ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਭਾਜਪਾ ਵੱਲੋਂ ਕੁੱਝ ਸੂਬਿਆਂ ਅੰਦਰ ਘਟੀਆ ਰਾਜਨੀਤੀ ਕਰਦਿਆਂ ਹੋਇਆਂ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ ਹਨ ਤੇ ਹੁਣ ਉਹ ਪੰਜਾਬ ਅੰਦਰ ਵੀ ਅਜਿਹੇ ਸੁਪਨੇ ਲੈਣ ਦਾ ਭਰਮ ਪਾਲ ਬੈਠੇ ਹਨ | ਪ੍ਰੰਤੂ ਸਮੁੱਚੇ ਪੰਜਾਬ ਵਾਸੀ ਭਾਜਪਾ ਦੇ ਜੇਤੂ ਰੱਥ ਨੂੰ ਰੋਕਣ ਲਈ ਪੂਰੀ ਤਰਾਂ ਸਮਰੱਥ ਹਨ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਪਾਰਟੀ ਅਤੇ ਅਕਾਲੀ ਦਲ ਦਾ ਵੀ ਪੂਰੀ ਤਰਾਂ ਖਿਲਾਰਾ ਪੈ ਚੁੱਕਾ ਹੈ, ਜਿਸ ਦੇ ਮੱਦੇ ਨਜ਼ਰ ਸਮੁੱਚੇ ਪੰਜਾਬ ਵਾਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੁਬਾਰਾ ਬਣਾਉਣ ਦੇ ਰੋਅ ਵਿੱਚ ਦਿਖਾਈ ਦੇ ਰਹੇ ਹਨ | ਇਸ ਮੌਕੇ ਉਨ੍ਹਾਂ ਨਾਲ ਬਲਿਹਾਰ ਸਿੰਘ ਬਛੌੜੀ, ਸੁਲੱਖਣ ਸਿੰਘ, ਕੈਪਟਨ ਭਗਤ ਰਾਮ, ਗੁਰਦੀਪ ਸਿੰਘ, ਚਰਨ ਸਿੰਘ ਸਰਪੰਚ, ਬਹਾਦਰ ਸਿੰਘ, ਬਲਵੀਰ ਸਿੰਘ ਜੱਟ ਮਾਜਰਾ, ਕਸ਼ਮੀਰ ਸਿੰਘ ਰਾਣਾ, ਗੁਰਨਾਮ ਸਿੰਘ ਰਾਣਾ, ਪਾਲ ਸਿੰਘ ਫੌਜੀ ਆਦਿ ਹਾਜ਼ਰ ਸਨ |