ਸੜੋਆ, 23 ਮਈ (ਹਰਮੇਲ ਸਹੂੰਗੜਾ)-ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਸੜੋਆ ਨੇ ਦੱਸਿਆ ਕਿ ਐਨ. ਐਸ. ਕਿਊ. ਐਫ. ਵੋਕੇਸ਼ਨਲ ਟੀਚਰ ਫਰੰਟ ਪੰਜਾਬ ਵਲੋਂ ਇਕ ਅਹਿਮ ਬਿਆਨ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ 25 ਮਈ ਨੂੰ ਸਿੱਖਿਆ ਸਕੱਤਰ ਮੈਡਮ ਸੋਨਾਲੀ ਗਿਰੀ ਨਾਲ ਹੋਣ ਵਾਲੀ ਮੀਟਿੰਗ ਵੋਕੇਸ਼ਨਲ ਟੀਚਰਾਂ ਦੇ ਭਵਿੱਖ ਲਈ ਬਹੁਤ ਹੀ ਨਿਰਣਾਇਕ ਸਾਬਤ ਹੋਵੇਗੀ | ਫਰੰਟ ਦੇ ਆਗੂਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਵੋਕੇਸ਼ਨਲ ਟੀਚਰ ਆਪਣੀਆਂ ਜਾਇਜ਼ ਤੇ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ, ਪਰ ਸਰਕਾਰ ਵਲੋਂ ਅਜੇ ਤੱਕ ਕੋਈ ਠੋਸ ਹੱਲ ਨਹੀਂ ਕੱਢਿਆ ਗਿਆ | ਫਰੰਟ ਨੇ ਕਿਹਾ ਕਿ ਵੋਕੇਸ਼ਨਲ ਟੀਚਰ ਸਿੱਖਿਆ ਵਿਭਾਗ ਦਾ ਅਹਿਮ ਹਿੱਸਾ ਹਨ ਅਤੇ 12 ਸਾਲਾਂ ਤੋਂ ਸਕੂਲਾਂ ਵਿਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਪਰ ਅੱਜ ਵੀ ਉਹ ਅਸੁਰੱਖਿਅਤ ਨੌਕਰੀ, ਘੱਟ ਤਨਖਾਹਾਂ ਤੇ ਹੋਰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ | ਵਾਰ-ਵਾਰ ਮੀਟਿੰਗਾਂ ਤੇ ਭਰੋਸਿਆਂ ਦੇ ਬਾਵਜੂਦ ਮੰਗਾਂ ਨੂੰ ਲਾਗੂ ਨਾ ਕਰਨਾ ਸਰਕਾਰ ਦੀ ਨਕਾਰਾਤਮਕ ਸੋਚ ਨੂੰ ਦਰਸਾਉਂਦਾ ਹੈ | ਫਰੰਟ ਦੇ ਸੂਬਾ ਆਗੂਆਂ ਨੇ ਸਪਸ਼ਟ ਕੀਤਾ ਕਿ ਜੇਕਰ 25 ਮਈ ਨੂੰ ਸਿੱਖਿਆ ਸਕੱਤਰ ਮੈਡਮ ਨਾਲ ਹੋਣ ਵਾਲੀ ਮੀਟਿੰਗ 'ਚ ਵੋਕੇਸ਼ਨਲ ਟੀਚਰਾਂ ਦੀਆਂ ਮੰਗਾਂ ਦਾ ਕੋਈ ਪੱਕਾ ਅਤੇ ਲਿਖਤੀ ਹੱਲ ਨਹੀਂ ਨਿਕਲਦਾ ਤਾਂ ਐਨ. ਐਸ. ਕਿਊ. ਐਫ. ਵੋਕੇਸ਼ਨਲ ਟੀਚਰ ਫਰੰਟ ਪੰਜਾਬ ਵਲੋਂ ਪੱਕੇ ਮੋਰਚੇ ਦਾ ਐਲਾਨ ਕੀਤਾ ਜਾਵੇਗਾ | ਇਸ ਸੰਘਰਸ਼ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੀ ਹੋਵੇਗੀ | ਫਰੰਟ ਨੇ ਸਾਰੇ ਵੋਕੇਸ਼ਨਲ ਟੀਚਰ ਸਾਥੀਆਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਰਹਿਣ ਤੇ ਆਉਣ ਵਾਲੇ ਹਰ ਸੰਘਰਸ਼ ਲਈ ਤਿਆਰ ਰਹਿਣ | ਆਗੂਆਂ ਨੇ ਕਿਹਾ ਕਿ ਹੁਣ ਹੱਕਾਂ ਦੀ ਲੜਾਈ ਨੂੰ ਹੋਰ ਮਜ਼ਬੂਤੀ ਨਾਲ ਲੜਿਆ ਜਾਵੇਗਾ ਅਤੇ ਜਦ ਤੱਕ ਮੰਗਾਂ ਦਾ ਪੱਕਾ ਹੱਲ ਨਹੀਂ ਹੁੰਦਾ, ਸੰਘਰਸ਼ ਜਾਰੀ ਰਹੇਗਾ |