ਜਾਡਲਾ, 27 ਮਈ (ਹਰਕੰਵਲ ਸਿੰਘ ਕੌਲਗੜ੍ਹ)-ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਗਏ ਤਾਜ਼ਾ ਵਾਧੇ ਨੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ ਹਨ | ਪਿਛਲੇ 10 ਦਿਨਾਂ ਦੇ ਅੰਦਰ ਇਹ ਚੌਥੀ ਵਾਰ ਹੈ ਜਦੋਂ ਤੇਲ ਕੀਮਤਾਂ ਵਿੱਚ ਵਾਧਾ ਕੀਤਾ ਗਿਆ, ਜਿਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਗੱਲ ਦਾ ਪ੍ਰਗਟਾਵਾ ਸਾਬਕਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਸੀਨੀਅਰ ਅਕਾਲੀ ਆਗੂ ਦਿਲਾਵਰ ਸਿੰਘ ਦਿਲੀ ਨੇ ਆਪਣੇ ਸਾਥੀਆਂ ਸਮੇਤ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਪਿਛਲੇ 10 ਦਿਨਾਂ ਦੌਰਾਨ ਪੈਟਰੋਲ ਦੀ ਕੀਮਤ ਵਿੱਚ ਕਰੀਬ 7 ਰੁਪਏ ਪ੍ਰਤੀ ਲੀਟਰ ਤੱਕ ਦਾ ਵਾਧਾ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਲਗਾਤਾਰ ਵੱਧ ਰਹੀਆਂ ਕੀਮਤਾਂ ਨੇ ਮੱਧ ਵਰਗ, ਮਜ਼ਦੂਰ ਵਰਗ, ਛੋਟੇ ਕਾਰੋਬਾਰੀਆਂ ਤੇ ਕਿਸਾਨ ਵਰਗ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ | ਮੱਧ ਵਰਗੀ ਲੋਕ ਤਾਂ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਵਿੱਚ ਪਿਸ ਰਹੇ ਹਨ | ਉੱਪਰੋਂ ਪੈਟਰੋਲ ਅਤੇ ਡੀਜ਼ਲ ਦੇ ਵਧੇ ਰੇਟਾਂ ਨੇ ਆਮ ਜ਼ਿੰਦਗੀ ਨੂੰ ਹੋਰ ਮਹਿੰਗਾ ਬਣਾ ਦਿੱਤਾ ਹੈ | ਟਰਾਂਸਪੋਰਟ ਮਹਿੰਗੀ ਹੋਣ ਨਾਲ ਸਬਜ਼ੀਆਂ, ਦਾਲਾਂ ਤੇ ਹੋਰ ਜ਼ਰੂਰੀ ਵਸਤਾਂ ਦੇ ਭਾਅ ਵੀ ਅਸਮਾਨ ਛੂਹਣ ਲੱਗੇ ਹਨ | ਇਸ ਮੌਕੇ ਗੱਲ ਕਰਦਿਆਂ ਸੀਨੀਅਰ ਅਕਾਲੀ ਆਗੂ ਜੋਗਿੰਦਰ ਸਿੰਘ ਅਟਵਾਲ ਨੇ ਕਿਹਾ ਕਿ ਜਦੋਂ ਪੰਜਾਬ ਭਰ ਵਿੱਚ ਝੋਨੇ ਦੀ ਲਵਾਈ ਦਾ ਸੀਜ਼ਨ ਬਿਲਕੁਲ ਸਿਰ 'ਤੇ ਹੈ ਅਤੇ ਖੇਤੀਬਾੜੀ ਸੈਕਟਰ ਪੂਰੀ ਤਰ੍ਹਾਂ ਡੀਜ਼ਲ 'ਤੇ ਨਿਰਭਰ ਹੈ, ਉਸ ਵੇਲੇ ਡੀਜ਼ਲ ਦੇ ਰੇਟ ਵਧਾਉਣਾ ਕਿਸਾਨਾਂ ਦੀ ਕਮਰ ਤੋੜਣ ਵਾਲਾ ਹੈ | ਟਰੈਕਟਰ ਤੇ ਖੇਤੀ ਮਸ਼ੀਨਰੀ ਦਾ ਖਰਚਾ ਕਈ ਗੁਣਾ ਵੱਧ ਜਾਵੇਗਾ | ਇਸ ਮੌਕੇ ਬਹਾਦਰ ਸਿੰਘ ਪੈਲੀ, ਸਤਨਾਮ ਸਿੰਘ ਸਹੂੰਗੜਾ, ਹਜੂਰਾਂ ਸਿੰਘ ਪੈਲੀ, ਜਥੇਦਾਰ ਮੋਹਣ ਸਿੰਘ, ਗੁਰਦੀਪ ਸਿੰਘ ਬਕਾਪੁਰ, ਰਾਣਾ ਮੋਹਰਾ, ਅਸ਼ਵਨੀ ਬੱਗੂਵਾਲ, ਮੇਜਰ ਸਿੰਘ ਸੈਕਟਰੀ, ਸਤਿੰਦਰ ਸਜਾਵਲਪੁਰ, ਭੁਪਿੰਦਰ ਸਿੰਘ ਮਹਿੰਦਪੁਰ, ਜਥੇਦਾਰ ਹਰਭਜਨ ਸਿੰਘ, ਰਣਜੀਤ ਸਿੰਘ ਜਗਤਪੁਰ, ਉਂਕਾਰ ਸਿੰਘ ਸਾਬਕਾ ਸਰਪੰਚ ਬਛੌੜੀ, ਹਰਤਰਨ ਸਿੰਘ ਬਛੌੜੀ, ਲਾਡੀ ਫਿਰਨੀ ਮਜਾਰਾ, ਸੁਖਦੇਵ ਸਿੰਘ ਕੌਲਗੜ, ਹਲਵੀਰ ਸਿੰਘ ਕੌਲਗੜ੍ਹ, ਕੈਪਟਨ ਜਰਨੈਲ ਸਿੰਘ, ਜੋਗਿੰਦਰ ਪਾਲ ਚਾਂਦਲਾਂ, ਬੂਟਾ ਸਿੰਘ ਮੰਡਿਆਣੀ ਸਮੇਤ ਹਾਜ਼ਰ ਆਗੂਆਂ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਤੇਲ ਕੀਮਤਾਂ 'ਤੇ ਤੁਰੰਤ ਕਾਬੂ ਪਾਇਆ ਜਾਵੇ |