ਦਸੂਹਾ, 31 ਮਈ (ਭੁੱਲਰ)-ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ( ਰਜਿ.) ਦਸੂਹਾ ਵਲੋਂ ਪੰਜਾਬੀ ਕਹਾਣੀ ਸਾਹਿਤ ਦੇ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਦੀ ਸਾਹਿਤਕ ਦੇਣ, ਵਿਚਾਰਧਾਰਾ ਤੇ ਵਿਰਤਾਂਤਕ ਕਲਾ ਬਾਰੇ ਪ੍ਰਵਾਸੀ ਸਾਹਿਤਕਾਰ ਬਿੰਦਰ ਕੋਲੀਆਂ ਵਾਲਾ ਨਾਲ ਇਕ ਵਿਸ਼ੇਸ਼ ਰੂਬਰੂ ਸਮਾਗਮ ਕਰਵਾਇਆ | ਇਸ ਮੌਕੇ ਉਨ੍ਹਾਂ ਕਹਾਣੀਕਾਰ ਲਾਲ ਸਿੰਘ ਦਸੂਹਾ ਦੀਆਂ ਅਣਛਪੀਆਂ ਕਹਾਣੀਆਂ ਦਾ ਸੰਗ੍ਰਹਿ ਯੁੱਧਵੀਰ ਵੀ ਰੀਲੀਜ਼ ਕੀਤਾ | ਆਪਣੇ ਵਿਚਾਰਾਂ 'ਚ ਪ੍ਰਵਾਸੀ ਸਾਹਿਤਕਾਰ ਬਿੰਦਰ ਕੋਲੀਆਂ ਵਾਲਾ ਕਿਹਾ ਕਿ ਲਾਲ ਸਿੰਘ ਦੀਆਂ ਕਹਾਣੀਆਂ ਪੰਜਾਬ ਦੇ ਆਮ ਲੋਕਾਂ ਦੇ ਜੀਵਨ, ਸਮਾਜਿਕ ਸੰਘਰਸ਼ਾਂ ਤੇ ਮਨੁੱਖੀ ਸਰੋਕਾਰਾਂ ਨੂੰ ਬੜੀ ਸੰਵੇਦਨਸ਼ੀਲਤਾ ਅਤੇ ਯਥਾਰਥਵਾਦ ਨਾਲ ਪੇਸ਼ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਲਾਲ ਸਿੰਘ ਦੀ ਵਿਚਾਰਧਾਰਾ ਮਨੁੱਖੀ ਕਦਰਾਂ-ਕੀਮਤਾਂ, ਸਮਾਜਿਕ ਬਰਾਬਰੀ ਤੇ ਇਨਸਾਫ਼ ਦੇ ਸਿਧਾਂਤਾਂ ਨਾਲ ਜੁੜੀ ਹੋਈ ਹੈ | ਉਨ੍ਹਾਂ ਦੀਆਂ ਰਚਨਾਵਾਂ ਵਿਚ ਜੀਵਨ ਦੀਆਂ ਜਟਿਲਤਾਵਾਂ, ਪਿੰਡਾਂ ਦੇ ਬਦਲਦੇ ਸਰੂਪ ਤੇ ਆਮ ਮਨੁੱਖ ਦੇ ਦੁੱਖ-ਸੁੱਖ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਉਕੇਰਿਆ ਗਿਆ ਹੈ | ਇਸ ਮੌਕੇ ਪ੍ਰਸਿੱਧ ਲੇਖਕ ਮੋਹਨ ਸਿੰਘ ਮੋਤੀ ਨੇ ਕਿਹਾ ਕਿ ਲਾਲ ਸਿੰਘ ਦਾ ਵਿਰਤਾਂਤ ਸਧਾਰਨ ਹੋਣ ਦੇ ਬਾਵਜੂਦ ਪਾਠਕ ਨੂੰ ਆਪਣੇ ਨਾਲ ਜੋੜ ਕੇ ਰੱਖਣ ਦੀ ਸਮਰੱਥਾ ਰੱਖਦਾ ਹੈ | ਪਾਤਰਾਂ ਦੀ ਸਿਰਜਣਾ, ਸੰਵਾਦਾਂ ਦੀ ਸਹਿਜਤਾ ਤੇ ਕਥਾ ਦੇ ਪ੍ਰਵਾਹ ਵਿਚ ਉਨ੍ਹਾਂ ਦੀ ਵਿਲੱਖਣ ਪਹਿਚਾਣ ਬਣਦੀ ਹੈ | ਉਨ੍ਹਾਂ ਦੀਆਂ ਕਹਾਣੀਆਂ ਕੇਵਲ ਸਾਹਿਤਕ ਰਚਨਾਵਾਂ ਨਹੀਂ ਸਗੋਂ ਸਮੇਂ ਤੇ ਸਮਾਜ ਦੇ ਦਸਤਾਵੇਜ਼ ਵੀ ਹਨ | ਇਸ ਮੌਕੇ ਨਾਵਲਕਾਰ ਸੁਰਿੰਦਰ ਸਿੰਘ ਨੇਕੀ ਨੇ ਕਿਹਾ ਕਿ ਲਾਲ ਸਿੰਘ ਦਾ ਕਹਾਣੀ-ਸਾਹਿਤ ਪੰਜਾਬੀ ਅਦਬ ਦੀ ਅਹਿਮ ਧਰੋਹਰ ਹੈ ਅਤੇ ਨਵੀਂ ਪੀੜ੍ਹੀ ਲਈ ਪੇ੍ਰਰਨਾ ਦਾ ਸਰੋਤ ਬਣਿਆ ਰਹੇਗਾ | ਇਸ ਮੌਕੇ ਕਹਾਣੀਕਾਰ ਲਾਲ ਸਿੰਘ ਦਸੂਹਾ ਯਾਦਗਾਰੀ ਸਾਹਿਤਕ ਮੰਚ ( ਰਜਿ.) ਦਸੂਹਾ ਦੇ ਪ੍ਰਧਾਨ ਅਮਰਜੀਤ ਸਿੰਘ ਨੇ ਇਟਲੀ ਸਾਹਿੱਤ ਸਭਾ ਤੇ ਪ੍ਰਵਾਸੀ ਸਾਹਿਤਕਾਰਾਂ ਦਾ ਆਪਣੇ ਪਿਤਾ ਕਹਾਣੀਕਾਰ ਲਾਲ ਸਿੰਘ ਦਸੂਹਾ ਨੂੰ ਸ਼ਰਧਾਂਜਲੀ ਅਰਪਿਤ ਕਰਨ ਅਤੇ ਯਾਦ ਰੱਖਣ ਲਈ ਦਿਲੋਂ ਧੰਨਵਾਦ ਕੀਤਾ ਸਮੂਹ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮ ਪੰਜਾਬੀ ਭਾਸ਼ਾ, ਸਾਹਿੱਤ ਅਤੇ ਸਭਿਆਚਾਰ ਦੀ ਪ੍ਰਫੁੱਲਤਾ ਲਈ ਬਹੁਤ ਮਹੱਤਵਪੂਰਨ ਹਨ | ਇਸ ਮੌਕੇ ਮੰਚ ਪ੍ਰਧਾਨ ਅਮਰਜੀਤ ਸਿੰਘ, ਭੁਪਿੰਦਰ ਸਿੰਘ ਰਾਜਾ, ਗੁਰਪ੍ਰੀਤ ਸਿੰਘ ਸਹੋਤਾ, ਅਮਰਜੀਤ ਸਿੰਘ ਖਾਕ ਸਮੇਕ ਕਈ ਲੇਖਕ, ਬੁੱਧੀਜੀਵੀ ਅਤੇ ਸਾਹਿਤਕਾਰ ਹਾਜ਼ਰ ਸਨ |