ਹੁਸ਼ਿਆਰਪੁਰ, 31 ਮਈ (ਬਲਜਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਵ ਤਲਵਾੜ ਵੱਲੋਂ ਅੱਜ ਪਾਰਟੀ ਵਰਕਰਾਂ ਵਿਚ ਇੱਕ ਨਵਾਂ ਉਤਸ਼ਾਹ ਅਤੇ ਨਵੀਂ ਰੂਹ ਫੂਕਣ ਲਈ ਇੱਕ ਵਿਸ਼ੇਸ਼ ਅਤੇ ਸ਼ਲਾਘਾਯੋਗ ਯਤਨ ਕੀਤਾ ਗਿਆ | ਸੰਜੀਵ ਤਲਵਾੜ ਦੀ ਅਗਵਾਈ ਵਿਚ ਇੱਕ ਵਿਸ਼ਾਲ ਕਾਫ਼ਲੇ ਦੇ ਰੂਪ ਵਿਚ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਵੱਖ-ਵੱਖ ਵਾਰਡਾਂ ਅਤੇ ਘਰਾਂ ਦਾ ਦੌਰਾ ਕੀਤਾ | ਇਸ ਦੌਰਾਨ ਜਿੱਥੇ ਵਰਕਰਾਂ ਦੇ ਘਰਾਂ ਦੇ ਉੱਪਰ ਪਾਰਟੀ ਦਾ ਨਿਸ਼ਾਨ (ਝੰਡਾ) ਲਗਾਇਆ ਗਿਆ, ਉੱਥੇ ਹੀ ਅÏਖੇ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਬੇਮਿਸਾਲ ਸੇਵਾਵਾਂ ਦੇਣ ਵਾਲੇ ਜੁਝਾਰੂ ਵਰਕਰਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਢੋਲ-ਧਮਾਕੇ ਦੇ ਨਾਲ ਜਦੋਂ ਇਹ ਕਾਫ਼ਲਾ ਵਰਕਰਾਂ ਦੇ ਘਰ ਪਹੁੰਚਿਆ ਤਾਂ ਉੱਥੇ ਉਤਸਵ ਵਰਗਾ ਮਾਹੌਲ ਬਣ ਗਿਆ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ ਨੇ ਸੰਜੀਵ ਤਲਵਾੜ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਹਲਕਾ ਇੰਚਾਰਜ ਸੰਜੀਵ ਤਲਵਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਆਪਣੀ ਦਿਨ-ਰਾਤ ਦੀ ਸੇਵਾ ਸਦਕਾ ਲੋਕਾਂ ਦੇ ਮਨਾਂ ਵਿਚ ਰਾਜ ਕਰਦਾ ਹੈ | ਹੁਣ ਸੇਵਾ ਦੇ ਨਾਲ-ਨਾਲ ਵਰਕਰਾਂ ਦੇ ਘਰਾਂ 'ਤੇ ਪਾਰਟੀ ਦਾ ਨਿਸ਼ਾਨ (ਝੰਡਾ) ਵੀ ਲੱਗ ਗਿਆ ਹੈ, ਜਿਸ ਨਾਲ ਸਾਡੇ ਮਿਹਨਤੀ ਵਰਕਰਾਂ ਦੀ ਪਹਿਚਾਣ ਹੋਰ ਮਜ਼ਬੂਤ ਹੋਵੇਗੀ | ਇਸ ਮੁਹਿੰਮ ਦੌਰਾਨ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਸੀਨੀਅਰ ਆਗੂ ਵੱਡੀ ਗਿਣਤੀ ਵਿਚ ਹਾਜ਼ਰ ਸਨ, ਜਿਨ੍ਹਾਂ ਵਿਚ ਬੀ.ਸੀ ਸੈੱਲ ਪੰਜਾਬ ਦੇ ਜਨਰਲ ਸਕੱਤਰ ਭੁਪਿੰਦਰ ਸਿੰਘ, ਵਪਾਰ ਸੈੱਲ ਪੰਜਾਬ ਦੇ ਮੀਤ ਪ੍ਰਧਾਨ ਗੋਪੀ ਧਾਮੀ ,ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਅÏਜਲਾ, ਇੰਜ. ਭੁਪਿੰਦਰ ਸਿੰਘ ਮਹਿੰਦੀਪੁਰ, ਆਰ.ਟੀ.ਆਈ. ਸੈੱਲ ਦੇ ਜ਼ਿਲ੍ਹਾ ਪ੍ਰਧਾਨ ਸੂਰਜ ਸਿੰਘ, ਐਸ.ਸੀ. ਸੈੱਲ ਦੇ ਸਿਟੀ ਪ੍ਰਧਾਨ ਸੰਜੀਵ ਥਾਪਰ, ਰਵਿੰਦਰ ਨਿੱਕਾ, ਜਸਵਿੰਦਰ ਜੁਗਨੂੰ, ਸੁਖਦੇਵ ਸਿੰਘ ਸਤੌਰ ਅਤੇ ਨੰਬਰਦਾਰ ਤੀਰਥ ਸਿੰਘ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਸਨ |