ਸੜੋਆ, 31 ਮਈ (ਬਲਵਿੰਦਰ ਨਾਨੋਵਾਲੀਆ)-ਭਾਰਤੀ ਸੰਵਿਧਾਨ ਵਿਚ ਇਹ ਸਾਫ਼ ਲਿਖਿਆ ਗਿਆ ਹੈ ਕਿ ਸੂਬੇ ਦੇ ਲੋਕਾਂ ਨੂੰ ਸਿੱਖਿਆ, ਸਿਹਤ ਤੇ ਮੁੱਢਲੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਮੌਕੇ ਦੀ ਹਾਕਮ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ, ਪਰ 2019 ਦੇ ਕਰੋਨਾ ਸਮੇਂ ਤੋਂ ਬਲਾਕ ਸੜੋਆ ਅਧੀਨ ਪੈਂਦੇ ਸਬਸਿਡਰੀ ਹੈਲਥ ਸੈਂਟਰ ਪਿੰਡ ਨਾਨੋਵਾਲ ਦੇ ਬੰਦ ਹੋਣ ਕਾਰਨ ਇਸ ਸਿਹਤ ਕੇਂਦਰ ਦੇ ਲਾਗਲੇ ਪਿੰਡ ਨਾਨੋਵਾਲ, ਜੀਤਪੁਰ, ਚੂਹੜਪੁਰ, ਧਰਮਪੁਰ ਤੇ ਪੈਲੀ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਾਪਤ ਕਰਨ ਵਿਚ ਭਾਰੀ ਦਿੱਕਤਾਂ ਵਿਚੋਂ ਗੁਜ਼ਰਨਾ ਪੈ ਰਿਹਾ ਹੈ | ਇਕ ਪਾਸੇ ਤਾਂ ਸੂਬਾ ਸਰਕਾਰ ਵਲੋਂ ਸੂਬੇ ਅੰਦਰ ਦਿੱਲੀ ਪੈਟਰਨ 'ਤੇ ਸੂਬੇ ਦੇ ਪਿੰਡਾਂ ਅਤੇ ਕਸਬਿਆਂ ਅੰਦਰ ਮਹੱਲਾ ਕਲੀਨਿਕ ਖੋਲੇ੍ਹ ਜਾ ਰਹੇ ਹਨ, ਦੂਸਰੇ ਪਾਸੇ ਪਿਛਲੇ 70 ਸਾਲ ਪਹਿਲਾ ਇਸੇ ਪਿੰਡ ਦੇ ਸਮਾਜ ਸੇਵੀਆਂ ਵਲੋਂ ਆਪਣੀ ਕਿਰਤ ਕਮਾਈ ਨਾਲ ਤਿਆਰ ਕੀਤੀ ਇਮਾਰਤ ਵਿਚ ਚੱਲ ਰਹੇ ਆਯੂਰਵੈਦਿਕ ਸਿਹਤ ਕੇਂਦਰ ਤੇ ਹੁਣ ਸਬਸਿਡਰੀ ਹੈਲਥ ਸੈਂਟਰ ਵਿਚ ਲਾਗਲੇ ਪੰਜ ਪਿੰਡਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਸਨ | ਪਿੰਡ ਵਾਸੀਆਂ ਅਨੁਸਾਰ ਬਹੁਤ ਲੰਮਾ ਸਮਾਂ ਇਸੇ ਸਿਹਤ ਕੇਂਦਰ ਵਿਚ ਮੈਡੀਕਲ ਸਟਾਫ਼ ਵਲੋਂ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਦੇਣ ਦੇ ਨਾਲ-ਨਾਲ ਐਮਰਜੈਂਸੀ ਦੌਰਾਨ ਮਰੀਜ਼ਾਂ ਨੂੰ ਦਾਖਲ ਕਰਨ ਦੀ ਸਹੂਲਤ ਵੀ ਹੰੁਦੀ ਸੀ | ਉਸ ਸਮੇਂ ਇਨ੍ਹਾਂ ਪੰਜ ਪਿੰਡਾਂ ਅੰਦਰ ਆਉਣ ਜਾਣ ਵਾਲੇ ਰਸਤੇ ਕੱਚੇ ਹੋਣ ਦੇ ਬਾਵਜੂਦ ਵੀ ਵੱਡੀ ਗਿਣਤੀ 'ਚ ਮਰੀਜ਼ ਰੋਜ਼ਾਨਾ ਇਸ ਸਿਹਤ ਕੇਂਦਰ ਤੋਂ ਦਵਾਈਆਂ ਲੈਣ ਆਉਂਦੇ ਸਨ, ਪਰ ਜਦੋਂ ਤੋਂ ਦੇਸ਼ ਅੰਦਰ ਕਰੋਨਾ ਕਾਲ ਦਾ ਸਮਾਂ ਆਇਆ ਤਾਂ ਸਿਹਤ ਵਿਭਾਗ ਵਲੋਂ ਇਥੇ ਤਨਾਇਤ ਮੈਡੀਕਲ ਅਫ਼ਸਰ ਅਤੇ ਬਾਕੀ ਸਟਾਫ਼ ਨੂੰ ਕਮਿਊਨਿਟੀ ਹੈਲਥ ਕੇਂਦਰ ਸੜੋਆ ਵਿਖੇ ਆਰਜ਼ੀ ਤੌਰ 'ਤੇ ਤਬਦੀਲ ਕਰ ਦਿੱਤਾ ਗਿਆ ਸੀ | ਸਿਹਤ ਵਿਭਾਗ ਵਲੋਂ ਸੱਤ ਸਾਲ ਦਾ ਲੰਮਾ ਅਰਸਾ ਬੀਤ ਜਾਣ ਦੇ ਬਾਵਜੂਦ ਵੀ ਤਬਦੀਲ ਕੀਤਾ ਸਟਾਫ਼ ਵਾਪਸ ਨਹੀਂ ਆਇਆ | ਇਸ ਹਸਪਤਾਲ ਵਿਚ ਵਿਭਾਗ ਵਲੋਂ ਪਿਆ ਕੀਮਤ ਸਾਮਾਨ ਵੀ ਖ਼ਰਾਬ ਹੋ ਚੁੱਕਾ ਹੈ, ਪਰ ਸਿਹਤ ਵਿਭਾਗ ਨੇ ਇਸ ਬੰਦ ਪਏ ਹਸਪਤਾਲ ਵੱਲ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ | ਹਸਪਤਾਲ ਅੰਦਰ ਪਿੰਡ ਵਾਸੀਆਂ ਵਲੋਂ ਬਣਾਏ ਸਟਾਫ਼ ਕੁਆਰਟਰ 'ਤੇ ਵੀ ਘਾਹ ਬੂਟੀ ਤੇ ਦਰੱਖਤਾਂ ਨੇ ਆਪਣੇ ਪੈਰ ਪਸਾਰੇ ਹੋਏ ਹਨ | ਸਮਾਜ ਸੇਵੀ ਮਨਜੀਤ ਸਿੰਘ ਤੇ ਬਲਜੀਤ ਸਿੰਘ ਸਾਬਕਾ ਪੰਚ ਨੇ ਦੱਸਿਆ ਕਿ 2002 ਵਿਚ ਜਦੋਂ ਸੰਤੋਸ਼ ਕਟਾਰੀਆ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸਨ, ਤਾਂ ਉਨ੍ਹਾਂ ਨੇ ਪਿੰਡ ਵਾਸੀਆਂ ਦੀ ਬੇਨਤੀ 'ਤੇ ਇਸ ਹਸਪਤਾਲ ਦਾ ਨਵੀਨੀਕਰਨ ਕਰਵਾਇਆ ਸੀ, ਪਰ ਉਸ ਤੋਂ ਬਾਅਦ ਇਸ ਇਮਾਰਤ ਦੀ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਹੈ | ਸਿਹਤ ਵਿਭਾਗ ਵਲੋਂ ਇਸ ਸਿਹਤ ਕੇਂਦਰ ਨਾਨੋਵਾਲ ਵਿਖੇ ਹਰ ਬੁੱਧਵਾਰ ਨੂੰ ਜੋ ਟੀਕਾਕਾਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਉਹ ਵੀ ਹਸਪਤਾਲ ਦੀ ਖਸਤਾ ਹਾਲਤ ਹੋਣ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਨਾ ਹੋਣ ਕਾਰਨ ਸਿਹਤ ਕਰਮਚਾਰੀਆਂ ਨੂੰ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਨਾਨੋਵਾਲ ਵਿਚ ਚੱਲ ਰਹੇ ਆਂਗਣਵਾੜੀ ਕੇਂਦਰ ਵਿਖੇ ਹੀ ਇਸ ਸਮੇਂ ਟੀਕਾਕਰਨ ਕਰਨਾ ਪੈਂਦਾ ਹੈ | ਸਮਾਜ ਸੇਵੀ ਬਲਜੀਤ ਸਿੰਘ ਸਾਬਕਾ ਪੰਚ, ਮਨਜੀਤ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਪਿੰਡ ਦੀਆਂ ਸਮੱਸਿਆਵਾਂ ਸੁਣਨ ਲਈ ਕਈ ਵਾਰ ਪਿੰਡ ਦਾ ਚੱਕਰ ਲਗਾ ਚੁੱਕੇ ਹਨ, ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਵੀ ਬੰਦ ਲਏ ਸਬਸਿਡਰੀ ਹੈਲਥ ਸੈਂਟਰ ਨਾਨੋਵਾਲ ਨੂੰ ਮੁੜ ਤੋਂ ਚਾਲੂ ਕਰਵਾਉਣ ਲਈ ਬੇਨਤੀ ਕਰ ਚੁੱਕੇ ਹਨ, ਪਰ ਇਹ ਸਮੱਸਿਆ ਪਿਛਲੇ ਸੱਤ ਸਾਲ ਤੋਂ ਜਿਓ ਦੀ ਤਿਓ ਬਰਕਰਾਰ ਹੈ | ਮਨਜੀਤ ਸਿੰਘ, ਬਲਜੀਤ ਸਿੰਘ ਤੇ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਬਸਿਡਰੀ ਹੈਲਥ ਸੈਂਟਰ ਦੀ ਹਾਲਤ ਸੁਧਾਰੀ ਜਾਵੇ ਤੇ ਸਟਾਫ਼ ਦੀ ਕਮੀ ਨੂੰ ਪੂਰਾ ਕਰਕੇ ਆਮ ਲੋਕਾਂ ਨੂੰ ਮਿਲਣ ਵਾਲੀਆ ਸਿਹਤ ਸਹੂਲਤਾਂ ਮੁੜ ਤੋਂ ਬਹਾਲ ਕੀਤੀਆਂ ਜਾਣ |