ਬੰਗਾ, 6 ਜੂਨ (ਧਰਮਵੀਰ ਪਾਲ)-ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਸ਼ਿਆਂ ਦੇ ਖਾਤਮੇ ਲਈ ਸਾਨੂੰ ਇਕਜੁੱਟ ਹੋਣ ਦੀ ਲੋੜ ਹੈ | ਇਹ ਪ੍ਰਗਟਾਵਾ ਹਲਕਾ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ ਵਲੋਂ ਵੱਖ-ਵੱਖ ਪਿੰਡਾਂ ਦੀਆਂ ਵਿਲੇਜ ਡਿਫੈਂਸ ਕਮੇਟੀਆਂ, ਪੰਚਾਇਤਾਂ ਤੇ ਮੁਹਤਬਰ ਵਿਅਕਤੀਆਂ ਨਾਲ ਇਕ ਵਿਸ਼ੇਸ਼ ਮੀਟਿੰਗ ਉਪਰੰਤ ਕੀਤਾ | ਇਹ ਮੀਟਿੰਗ 'ਪਿੰਡਾਂ ਦਾ ਹਾਲ ਮੁੱਖ ਮੰਤਰੀ ਦੇ ਨਾਲ' ਯੁੱਧ ਨਸ਼ਿਆਂ ਵਿਰੁੱਧ ਸਕੀਮ ਤਹਿਤ ਬੰਗਾ ਪੰਚਾਇਤ ਸੰਮਤੀ ਦੇ ਹਾਲ ਵਿਚ ਕੀਤੀ ਗਈ | ਮੀਟਿੰਗ ਦਾ ਮੁੱਖ ਉਦੇਸ਼ ਪਿੰਡਾਂ ਵਿਚੋਂ ਨਸ਼ਿਆਂ ਦੇ ਖਾਤਮੇ ਲਈ ਸਾਂਝੀ ਰਣਨੀਤੀ ਤਿਆਰ ਕਰਨਾ ਸੀ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਨਸ਼ਾ ਸਮਾਜ ਲਈ ਇਕ ਗੰਭੀਰ ਚੁਣੌਤੀ ਹੈ ਅਤੇ ਇਸ ਦੇ ਖਾਤਮੇ ਲਈ ਲੋਕਾਂ, ਪੰਚਾਇਤਾਂ, ਪ੍ਰਸ਼ਾਸਨ ਤੇ ਪੁਲਿਸ ਵਿਭਾਗ ਦੇ ਆਪਸੀ ਸਹਿਯੋਗ ਦੀ ਬਹੁਤ ਲੋੜ ਹੈ | ਮੀਟਿੰਗ ਦੌਰਾਨ ਹਾਜ਼ਰ ਅਧਿਕਾਰੀਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਨਸ਼ਾ ਮੁਕਤ ਪਿੰਡਾਂ ਦੀ ਸਿਰਜਣਾ ਲਈ ਲੋਕਾਂ ਦੀ ਭਾਗੀਦਾਰੀ ਸਭ ਤੋਂ ਜ਼ਰੂਰੀ ਹੈ | ਇਸ ਮੌਕੇ ਪਿੰਡਾਂ ਦੇ ਸਰਪੰਚਾਂ, ਪੰਚਾਂ, ਬਲਾਕ ਸੰਮਤੀ ਮੈਂਬਰਾਂ, ਜ਼ਿਲ੍ਹਾ ਪ੍ਰੀਸ਼ਦ ਮੈਂਬਰਾਂ ਤੇ ਹੋਰ ਮੋਹਤਬਰ ਵਿਅਕਤੀਆਂ ਨੇ ਵੀ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ | ਇਸ ਮੌਕੇ ਵਿਪਨ ਭੰਡਾਰੀ ਐਸ. ਡੀ. ਐਮ. ਬੰਗਾ, ਹਰਜੀਤ ਸਿੰਘ ਰੰਧਾਵਾ ਡੀ. ਐਸ. ਪੀ. ਬੰਗਾ, ਬੀ. ਡੀ. ਪੀ. ਓ. ਆਦੇਸ਼ ਕੁਮਾਰ, ਮੈਡਮ ਸਤਿੰਦਰ ਕੌਰ ਚੇਅਰਮੈਨ ਬਲਾਕ ਸੰਮਤੀ ਬੰਗਾ, ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ. ਸੀ. ਵਿੰਗ, ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ, ਦਿਨੇਸ਼ ਸੂਰੀ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |